ਮੈਲਬਰਨ: ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਐਤਵਾਰ ਰਾਤ ਨੂੰ ਭਾਰਤ ਦੇ ਅਧਿਕਾਰਤ ਦੌਰੇ ‘ਤੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਪਹੁੰਚੇ। ਵਿਦੇਸ਼ ਮੰਤਰਾਲੇ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਵਿੰਸਟਨ ਪੀਟਰਸ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਸੱਦੇ ‘ਤੇ 10 ਤੋਂ 13 ਮਾਰਚ ਤੱਕ ਭਾਰਤ ਦੇ ਅਧਿਕਾਰਤ ਦੌਰੇ ‘ਤੇ ਹਨ।
ਨਵੰਬਰ 2023 ਵਿਚ ਨਿਊਜ਼ੀਲੈਂਡ ਵਿਚ ਨਵੀਂ ਸਰਕਾਰ ਦੇ ਅਹੁਦਾ ਸੰਭਾਲਣ ਤੋਂ ਬਾਅਦ ਪੀਟਰਸ ਆਪਣੀ ਪਹਿਲੀ ਭਾਰਤ ਯਾਤਰਾ ‘ਤੇ ਅਹਿਮਦਾਬਾਦ ਅਤੇ ਨਵੀਂ ਦਿੱਲੀ ਜਾਣਗੇ। ਅਹਿਮਦਾਬਾਦ ਵਿੱਚ ਉਪ ਪ੍ਰਧਾਨ ਮੰਤਰੀ ਪੀਟਰਸ ਦੇ 11 ਮਾਰਚ, 2024 ਨੂੰ ਗੁਜਰਾਤ ਦੀ ਰਾਜਨੀਤਿਕ ਲੀਡਰਸ਼ਿਪ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ। ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਪੀਟਰਜ਼ 12 ਮਾਰਚ ਨੂੰ ਇੱਕ ਦੁਵੱਲੀ ਮੀਟਿੰਗ ਕਰਨ ਵਾਲੇ ਹਨ, ਜਿਸ ਦੌਰਾਨ ਭਾਰਤ ਅਤੇ ਨਿਊਜ਼ੀਲੈਂਡ ਦੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ‘ਤੇ ਚਰਚਾ ਹੋਣ ਦੀ ਉਮੀਦ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਦੇਸ਼ ਵਪਾਰ ਅਤੇ ਆਰਥਿਕਤਾ, ਰੱਖਿਆ ਅਤੇ ਸੁਰੱਖਿਆ, ਸਿੱਖਿਆ ਅਤੇ ਖੋਜ ਅਤੇ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਿੱਚ ਸ਼ਾਮਲ ਹਨ।