ਆਸਟ੍ਰੇਲੀਆ ’ਚ ਪਤਨੀ ਦਾ ਕਤਲ ਕਰਨ ਵਾਲੇ ਨੇ ਭਾਰਤ ਜਾ ਕੇ ਸਹੁਰਿਆਂ ਅੱਗੇ ਕਬੂਲਿਆ ਗੁਨਾਹ

ਮੈਲਬਰਨ: ਭਾਰਤੀ ਮੂਲ ਦੀ ਇਕ 36 ਸਾਲ ਦੀ ਔਰਤ, ਚੈਥਨਿਆ ਮਾਧਾਗਨੀ,  ਦਾ ਆਸਟ੍ਰੇਲੀਆ ‘ਚ ਕਤਲ (Murder) ਕਰ ਦਿੱਤਾ ਗਿਆ। ਉਸ ਦਾ ਪਤੀ ਅਸ਼ੋਕ ਰਾਜ ਵਰੀਕੂਪੱਲਾ, ਜਿਸ ਨੇ ਕਥਿਤ ਤੌਰ ‘ਤੇ ਉਸ ਦਾ ਕਤਲ ਕੀਤਾ, ਭਾਰਤ ਦੇ ਮਹਾਂਨਗਰ ਹੈਦਰਾਬਾਦ ਚਲਾ ਗਿਆ ਅਤੇ ਆਪਣੇ ਬੱਚੇ ਨੂੰ ਇੱਥੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਚੈਥਨਿਆ ਮਾਧਾਗਨੀ ਦੀ ਲਾਸ਼ ਸ਼ਨੀਵਾਰ ਨੂੰ ਵਿਕਟੋਰੀਆ ਦੇ ਟਾਊਨ ਬਕਲੇ (Buckley) ‘ਚ ਸੜਕ ਦੇ ਕਿਨਾਰੇ ਇਕ ਪਹੀਏ ਵਾਲੇ ਕੂੜੇ ਦੇ ਡੱਬੇ ‘ਚੋਂ ਮਿਲੀ ਸੀ। ਮ੍ਰਿਤਕਾ ਦੇ ਮਾਪਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਦਾਮਾਦ ਨੇ ਕਤਲ ਕਰਨ ਦੀ ਗੱਲ ਕਬੂਲੀ ਹੈ। ਚੈਥਨਿਆ ਆਪਣੇ ਪਤੀ ਅਤੇ ਬੇਟੇ ਨਾਲ ਆਸਟ੍ਰੇਲੀਆ ਵਿੱਚ ਰਹਿ ਰਹੀ ਸੀ।

ਹੈਦਰਾਬਾਦ ਦੇ ਸਬਅਰਬ ਉੱਪਲ ਦੇ ਵਿਧਾਇਕ ਬੰਡਾਰੀ ਲਕਸ਼ਮਾ ਰੈੱਡੀ ਨੇ ਦੱਸਿਆ ਕਿ ਮ੍ਰਿਤਕਾ ਚੈਥਨਿਆ ਉਨ੍ਹਾਂ ਦੇ ਹਲਕੇ ਦੀ ਰਹਿਣ ਵਾਲੀ ਸੀ ਅਤੇ ਜਾਣਕਾਰੀ ਮਿਲਣ ਤੋਂ ਬਾਅਦ ਉਹ ਉਸ ਦੇ ਮਾਪਿਆਂ ਨੂੰ ਮਿਲੇ। ਵਿਧਾਇਕ ਨੇ ਮੀਡੀਆ ਨੂੰ ਦੱਸਿਆ ਕਿ ਔਰਤ ਦੇ ਮਾਪਿਆਂ ਦੀ ਬੇਨਤੀ ‘ਤੇ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਉਸ ਦੀ ਮ੍ਰਿਤਕ ਦੇਹ ਹੈਦਰਾਬਾਦ ਲਿਆਉਣ ਲਈ ਚਿੱਠੀ ਲਿਖੀ ਹੈ। ਵਿਧਾਇਕ ਨੇ ਅੱਗੇ ਕਿਹਾ ਕਿ ਮ੍ਰਿਤਕਾ ਦੇ ਮਾਪਿਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਜਵਾਈ ਨੇ ਚੈਥਨਿਆ ਧੀ ਦਾ ਕਤਲ ਕਰਨ ਦੀ ਗੱਲ ਕਬੂਲ ਕਰ ਲਈ ਹੈ।

ਵਿਕਟੋਰੀਆ ਪੁਲਿਸ ਨੂੰ 9 ਮਾਰਚ ਨੂੰ ਵਿਨਚੇਲਸੀ ਨੇੜੇ ਬਕਲੇ ‘ਚ ਚੈਥਨਿਆ ਦੀ ਲਾਸ਼ ਮਿਲੀ ਸੀ। ਮ੍ਰਿਤਕਾ ਦੇ ਗੁਆਂਢੀਆਂ ਨੇ ਇਸ ਘਟਨਾ ’ਤੇ ਹੈਰਾਨਗੀ ਪ੍ਰਗਟਾਈ ਹੈ ਅਤੇ ਕਿਹਾ ਕਿ ਚੈਥਨਿਆ ਇੱਕ ਬਹੁਤ ਪਿਆਰੀ, ਘੁੰਮਣ-ਫਿਰਨ ਨੂੰ ਪਸੰਦ ਕਰਨ ਵਾਲੀ, ਦੋਸਤਾਨਾ ਔਰਤ ਸੀ। ਇੱਕ ਗੁਆਂਢੀ ਫ਼ੇਲਿਕਸ ਸੁਸਾਂਦੋ ਨੇ ਕਿਹਾ, ‘‘ਪਿਛਲੇ ਹਫ਼ਤੇ ਹੀ ਅਸੀਂ ਉਸ ਨੂੰ ਆਪਣੇ ਬੇਟੇ ਨਾਲ ਸਾਡੇ ਘਰ ਦੇ ਬਾਹਰ ਖੇਡਦਿਆਂ ਵੇਖਿਆ ਸੀ। ਇੱਥੇ ਸਾਨੂੰ ਕਿਸੇ ਚੀਕ ਜਾਂ ਸ਼ੱਕੀ ਗਤੀਵਿਧੀ ਵੇਖਣ-ਸੁਣਨ ਨੂੰ ਨਹੀਂ ਮਿਲੀ।’’ ਚੈਥਨਿਆ ਦੀ ਭਾਰਤ ’ਚ ਕੱਪੜਿਆਂ ਦੀ ਦੁਕਾਨ ਸੀ ਜਦਕਿ ਉਸ ਦਾ ਪਤੀ ਸੋਲਰ ਪੈਨਲ ਲਗਾਉਣ ਦਾ ਕੰਮ ਕਰਦਾ ਸੀ। ਪੁਲਿਸ ਨੇ ਦਸਿਆ ਕਿ ਆਸਟ੍ਰੇਲੀਆ ’ਚ ਪਿਛਲੇ ਸਾਲ ਹਿੰਸਾ ’ਚ 64 ਔਰਤਾਂ ਦਾ ਕਤਲ ਹੋ ਚੁਕਿਆ ਹੈ।

Leave a Comment