ਮੈਲਬਰਨ: ਨਿਊਜ਼ੀਲੈਂਡ ਵਸਦੀ 27 ਸਾਲਾਂ ਦੀ ਸਾਬਕਾ ਪੁਲਿਸ ਅਫ਼ਸਰ ਨਵਜੋਤ ਕੌਰ ਮਿਸ ਵਰਲਡ ਮੁਕਾਬਲੇ ’ਚ ਨਿਊਜ਼ੀਲੈਂਡ ਦੀ ਪ੍ਰਤੀਨਿਧਗੀ ਕਰਨ ਵਾਲੀ ਪਹਿਲੀ ਸਿੱਖ ਔਰਤ ਬਣ ਗਈ ਹੈ। ਮਿਸ ਵਰਲਡ ਸੁੰਦਰਤਾ ਮੁਕਾਬਲਾ ਅਗਲੇ ਮਹੀਨੇ ਭਾਰਤ ’ਚ ਹੋਣ ਜਾ ਰਿਹਾ ਹੈ। ਦੱਖਣੀ ਆਕਲੈਂਡ ’ਚ ਪੁਲਿਸ ਦੀ ਨੌਕਰੀ ਕਰਦਿਆਂ ਦੋ ਸਾਲ ਬੀਟ ’ਤੇ ਬਿਤਾਉਣ ਵਾਲੀ ਨਵਜੋਤ ਕੌਰ ਨੇ ਆਕਲੈਂਡ ’ਚ ਹੋਏ ਮਿਸ ਨਿਊਜ਼ੀਲੈਂਡ ਮੁਕਾਬਲੇ ਨੂੰ ਜਿੱਤ ਲਿਆ ਹੈ। ਅਗਲੇ ਹਫ਼ਤੇ ਨਵਜੋਤ ਕੌਰ ਦੁਨੀਆਂ ਭਰ ਦੀਆਂ 90 ਔਰਤਾਂ ਨਾਲ ਨਵੀਂ ਦਿੱਲੀ ਅਤੇ ਮੁੰਬਈ ’ਚ ਹੋਣ ਜਾ ਰਹੇ 2024 ਦੇ ਮਿਸ ਵਰਲਡ ਮੁਕਾਬਲੇ ’ਚ ਹਿੱਸਾ ਲਵੇਗੀ। ਆਪਣੀ ਇਸ ਪ੍ਰਾਪਤੀ ’ਤੇ ਨਵਜੋਤ ਕੌਰ ਨੇ ਕਿਹਾ, ‘‘ਮੈਂ ਬਹੁਤ ਖ਼ੁਸ਼ ਅਤੇ ਇਹ ਮੌਕਾ ਮਿਲਣ ਲਈ ਧਨਵਾਦੀ ਹਾਂ।’’ ਨਵਜੋਤ ਕੌਰ ਨੇ ਕਿਹਾ ਕਿ ਸਿੱਖ ਹੋਣ ਨਾਤੇ ਉਸ ਦਾ ਮੰਨਣਾ ਹੈ ਕਿ ਇਹ ਮੁਕਾਬਲਾ ਉਸ ਨੂੰ ਨਿਊਜ਼ੀਲੈਂਡ ਦੀ ਵੰਨ-ਸੁਵੰਨਤਾ ਨੂੰ ਦੁਨੀਆਂ ’ਚ ਸਾਹਮਣੇ ਪੇਸ਼ ਕਰਨ ਦਾ ਮੌਕਾ ਦੇਵੇਗਾ।
ਨਵਜੋਤ ਕੌਰ ਦਾ ਪ੍ਰਵਾਰ 90ਵਿਆਂ ’ਚ ਨਿਊਜ਼ੀਲੈਂਡ ਆ ਗਿਆ ਸੀ ਅਤੇ ਉਸ ਦਾ ਜਨਮ ਦੇ ਪਾਲਣ-ਪੋਸਣ ਮੇਨੁਰੋਵਾ ’ਚ ਹੋਇਆ ਸੀ। ਉਸ ਨੇ 2019 ’ਚ ਪੁਲਿਸ ਕਾਲਜ ’ਚੋਂ ਗਰੈਜੁਏਸ਼ਨ ਕੀਤੀ ਅਤੇ ਦੋ ਸਾਲ ਬਾਅਦ ਪੁਲਿਸ ਦੀ ਨੌਕਰੀ ਛੱਡ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਹ ਪੁਲਿਸ ਦੀ ਨੌਕਰੀ ਦੌਰਾਨ ਪੀੜਤਾਂ ਨਾਲ ਬਹੁਤ ਜ਼ਿਆਦਾ ਜੁੜ ਜਾਂਦੇ ਸਨ ਅਤੇ ਭਾਵੁਕ ਹੋ ਜਾਂਦੇ ਸਨ ਜਿਸ ਕਾਰਨ ਉਨ੍ਹਾਂ ਨੇ ਇਹ ਨੌਕਰੀ ਛੱਡ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਰੀਅਲ ਅਸਟੇਟ ਏਜੰਟ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ।
ਨਵਜੋਤ ਕੌਰ ਦਾ ਕਹਿਣਾ ਹੈ ਕਿ ਮਿਸ ਵਰਲਡ ਮੁਕਾਬਲਾ ਸਤਹੀ ਸੁੰਦਰਤਾ ਤੋਂ ਪਰੇ ਹੈ, ਜੋ ਭਾਈਚਾਰਕ ਰੁਝੇਵਿਆਂ ਅਤੇ ਪਰਉਪਕਾਰ ‘ਤੇ ਕੇਂਦ੍ਰਤ ਹੈ। ਨਿਊਜ਼ੀਲੈਂਡ ਨੇ 1983 ’ਚ ਮਿਸ ਯੂਨੀਵਰਸ ਦਾ ਮੁਕਾਬਲਾ ਜਿੱਤਿਆ ਸੀ, ਪਰ ਅਜੇ ਤਕ ਮਿਸ ਵਰਲਡ ਦਾ ਖਿਤਾਬ ਉਸ ਦੀ ਝੋਲੀ ’ਚ ਨਹੀਂ ਪਿਆ ਹੈ।