36ਵੀਆਂ ਸਿੱਖ ਖੇਡਾਂ ਦਾ ਪ੍ਰੋਗਰਾਮ ਜਾਰੀ, ਐਡੀਲੇਡ ਸ਼ਹਿਰ ‘ਚ ਈਸਟਰ ਨੂੰ ਲੱਗਣਗੇ ਮੇਲੇ

ਮੈਲਬਰਨ: ਹਰ ਸਾਲ ਹੋਣ ਵਾਲੀਆਂ ਆਸਟ੍ਰੇਲੀਅਨ ਸਿੱਖ ਖੇਡਾਂ (Australian Sikh Games) ਦੀ ਮਿਤੀ ਦਾ ਐਲਾਨ ਹੋ ਗਿਆ ਹੈ। ਆਰਗੇਨਾਈਜ਼ਿੰਗ ਕਮੇਟੀ ਨੇ ਦਸਿਆ ਕਿ ਇਹ ਖੇਡਾਂ ਇਸ ਸਾਲ ਸਾਊਥ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ 29, 30 ਅਤੇ 31 ਮਾਰਚ ਨੂੰ ਹੋਣ ਜਾ ਰਹੀਆਂ ਹਨ। ਟੀਮ ਸਪੋਰਟਸ ਲਈ ਰਜਿਸਟਰੇਸ਼ਨ ਪੂਰੀ ਹੋ ਚੁੱਕੀ ਹੈ ਜਦਕਿ ਰਗਬੀ, ਐਥਲੈਟਿਕਸ, ਬੈਡਮਿੰਟਨ, ਗੋਲਫ਼, ਟੈਨਿਸ, ਬਾਕਸਿੰਗ ਅਤੇ ਵੇਟਲਿਫ਼ਟਿੰਗ ਲਈ ਰਜਿਸਟਰੇਸ਼ਨ ਚਾਲੂ ਹੈ। ਟੀਮ ਸਪੋਰਟਸ ’ਚ ਫ਼ੁੱਟਬਾਲ, ਕ੍ਰਿਕੇਟ, ਕਬੱਡੀ, ਵਾਲੀਬਾਲ, ਸ਼ੂਟਿੰਗ ਵਾਲੀਬਾਲ, ਟੱਚ ਫ਼ੁੱਟਬਾਲ, ਨੈੱਟਬਾਲ, ਹਾਕੀ ਸ਼ਾਮਲ ਹਨ।

ਆਰਗੇਨਾਈਜ਼ਿੰਗ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ ਪ੍ਰਧਾਨ ਨੇ ਦਸਿਆ ਕਿ ਇਹ ਸਮਾਗਮ ਸਿੱਖ ਭਾਈਚਾਰੇ ਦੀ ਵਿਲੱਖਣ ਸੱਭਿਆਚਾਰਕ ਪਛਾਣ ਦਾ ਜਸ਼ਨ ਮਨਾਉਣ ਅਤੇ ਸਾਊਥ ਆਸਟ੍ਰੇਲੀਆ ਦੀ ਸ਼ਾਨਦਾਰ ਪ੍ਰਾਹੁਣਚਾਰੀ ਅਤੇ ਆਕਰਸ਼ਣਾਂ ਦਾ ਅਨੰਦ ਲੈਣ ਦਾ ਸੰਪੂਰਨ ਮੌਕਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ,  ‘‘ਅਸੀਂ ਹਰ ਉਮਰ ਦੇ ਲੋਕਾਂ ਨੂੰ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦੇ ਹਾਂ ਤਾਂ ਜੋ ਸਾਡੀਆਂ ਅੰਦਰੂਨੀ ਸਿੱਖ ਕਦਰਾਂ ਕੀਮਤਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ।’’ ਖੇਡਾਂ ਦਾ ਮੁੱਖ ਸਥਾਨ ਐਲਿਸ ਪਾਰਕ, ਵੈਸਟ ਟੈਰੇਸ, ਐਡੀਲੇਡ ਹੋਵੇਗਾ। ਇਨ੍ਹਾਂ ਖੇਡਾਂ ਦੀ ਸ਼ੁਰੂਆਤ 1987 ਵਿੱਚ ਐਡੀਲੇਡ ਦੇ ਵਿੱਚ ਹੀ ਹੋਈ ਸੀ। ਹਰ ਸਾਲ ਆਸਟ੍ਰੇਲੀਆ ਤੋਂ ਇਲਾਵਾ ਨਿਊੂਜੀਲੈਂਡ, ਮਲੇਸ਼ੀਆ, ਭਾਰਤ, ਸਿੰਗਾਪੁਰ ਆਦਿ ਦੇਸ਼ਾਂ ਤੋਂ ਹਜ਼ਾਰਾਂ ਖਿਡਾਰੀ ਇਨ੍ਹਾਂ ਖੇਡਾਂ ਵਿੱਚ ਸ਼ਮੂਲੀਅਤ ਕਰਦੇ ਹਨ ਜਿਨ੍ਹਾਂ ਨੂੰ ਵੇਖਣ ਲਈ ਲੱਖਾਂ ਦਰਸ਼ਕ ਆਉਂਦੇ ਹਨ।

Leave a Comment