ਮੈਲਬਰਨ : ਪੰਜਾਬੀ ਕਲਾਊਡ ਟੀਮ-
ਆਸਟਰੇਲੀਆ ਦੇ ਡਿਪਾਰਟਮੈਂਟ ਆਫ ਹੋਮ ਅਫੇਅਰਜ਼ (Department of Home Affairs) ਨੇ ਅਫ਼ਗਾਨਿਸਤਾਨ ਨਾਲ ਸਬੰਧਤ 50 ਹਜ਼ਾਰ ਤੋਂ ਵੱਧ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਹਨ। ਸਾਲ 2021 `ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੋਂ ਦੇ ਹਜ਼ਾਰਾਂ ਨਾਗਰਿਕਾਂ ਨੇ ਆਪਣੀ ਜਾਨ ਖ਼ਤਰੇ ਵਿੱਚ ਦੱਸ ਕੇ ਆਸਟਰੇਲੀਆ ਦੇ ਰੀਫਿਊਜੀ ਵੀਜ਼ੇ ਵਾਸਤੇ ਐਪਲੀਕੇਸ਼ਨਜ ਦਿੱਤੀਆਂ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਅਗਸਤ 2021 `ਚ ਅਫ਼ਗਾਨਿਸਤਾਨ `ਚ ਸੱਤਾ ਪਲਟ ਜਾਣ ਤੋਂ ਬਾਅਦ ਕਰੀਬ 2 ਲੱਖ 8 ਹਜ਼ਾਰ ਲੋਕਾਂ ਨੇ ਉੱਥੋਂ ਭੱਜਣ ਵਾਸਤੇ ਰੀਫਿਊਜ਼ੀ ਵੀਜ਼ਾ (Refugee Visa) ਅਪਲਾਈ ਕੀਤਾ ਸੀ। ਜਿਨ੍ਹਾਂ ਚੋਂ 50 ਹਜ਼ਾਰ ਤੋਂ ਵੱਧ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਜਦੋਂ ਕਿ ਇੱਕ ਲੱਖ 44 ਹਜ਼ਾਰ ਵਿਚਾਰ ਅਧੀਨ ਹਨ। ਜਦੋਂ 15 ਅਗਸਤ 2021 ਤੋਂ ਲੈ ਕੇ ਇਸ ਸਾਲ ਦੇ 31 ਅਗਸਤ ਤੱਕ ਅਫ਼ਗਾਨਿਸਤਾਨ ਦੇ 13 ਹਜ਼ਾਰ 612 ਲੋਕਾਂ ਨੂੰ ਹਿਊਮਨਟੇਰੀਅਨ ਪ੍ਰੋਗਰਾਮ ਤਹਿਤ ਵੀਜ਼ੇ ਦਿੱਤੇ ਗਏ ਸਨ।
ਇਸ ਬਾਬਤ ਅਫ਼ਗਾਨੀ ਮੂਲ ਦੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੱਧਰ `ਤੇ ਇੱਕੋ ਕਮਿਊਨਿਟੀ ਦੇ ਲੋਕਾਂ ਦੀਆਂ ਵੀਜ਼ਾ ਐਪਲੀਕੇਸ਼ਨਜ ਰੱਦ ਕੀਤੀਆਂ ਜਾਣੀਆਂ ਚੰਗੀ ਗੱਲ ਨਹੀਂ ਸਗੋਂ ਦਿਲ ਤੋੜਣ ਵਾਲੀ ਗੱਲ ਹੈ।
ਉਧਰ, ਡਿਪਾਰਟਮੈਂਟ ਆਫ ਹੋਮ ਅਫੇਅਰਜ਼ ਦੇ ਇੱਕ ਬੁਲਾਰੇ ਅਨੁਸਾਰ ਸਾਲ 2023-24 ਲਈ 20 ਹਜ਼ਾਰ ਦਾ ਕੋਟਾ ਰੱਖਿਆ ਗਿਆ ਹੈ। ਜਿਨ੍ਹਾਂ ਦੀਆਂ ਐਪਲੀਕੇਸ਼ਨਜ ਰਿਜੈਕਟ ਹੋ ਚੁੱਕੀਆਂ ਹਨ, ਉਹ ਦੁਬਾਰਾ ਰਫਿਊਜੀ ਅਤੇ ਹਿਊਮਨਟੇਰੀਅਨ ਵੀਜ਼ੇ ਵਾਸਤੇ ਐਪਲੀਕੇਸ਼ਨ ਦੇ ਸਕਦੇ ਹਨ।