ਮੈਲਬਰਨ : ਪੰਜਾਬੀ ਕਲਾਊਡ ਟੀਮ
-ਕੈਨੇਡੀਅਨ ਸਿਟੀਜ਼ਨ ਅਤੇ ਸਿੱਖ ਐਕਟੀਵਿਸਟ ਹਰਦੀਪ ਸਿੰਘ ਨਿੱਝਰ (Hardeep Singh Nijjar) ਦੇ ਕਤਲ ਦਾ ਸੇਕ ਆਸਟਰੇਲੀਆ ਤੱਕ ਪਹੁੰਚ ਗਿਆ ਹੈ। ਇਸ ਕਤਲ ਪਿੱਛੇ ਭਾਰਤੀ ਡਿਪਲੋਮੈਟ ਪਵਨ ਕੁਮਾਰ ਦਾ ਕਥਿਤ ਹੱਥ ਹੋਣ ਕਰਕੇ ਉਸਨੂੰ ਕੈਨੇਡਾ ਚੋਂ ਕੱਢੇ ਜਾਣ ਤੋਂ ਬਾਅਦ ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ (Australian Foreign Affairs Minister Penny Wong) ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਜਿਸ ਨਾਲ ਆਸਟਰੇਲੀਆ ਅਤੇ ਇੰਡੀਆ ਦੇ ਡਿਪਲੋਮੈਟਿਕ ਸਬੰਧਾਂ `ਤੇ ਵੀ ਸਵਾਲੀਆ ਚਿੰਨ੍ਹ ਲੱਗਦਾ ਨਜ਼ਰ ਆ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਵੇਂ ਆਸਟਰੇਲੀਆ ਅਤੇ ਕੈਨੇਡਾ ਦੀਆਂ ਸਰਕਾਰਾਂ ‘ਫਾਈਵ ਆਈਜ ਐਗਰੀਮੈਂਟ’ ਤਹਿਤ ਇੱਕ ਦੂਜੇ ਨਾਲ ਸੂਚਨਾ ਸਾਂਝੀ ਕਰਦੀਆਂ ਰਹਿੰਦੀਆਂ ਹਨ। ਪਰ ਆਸਟਰੇਲੀਆ ਸਰਕਾਰ ਇਹ ਗੱਲ ਦੱਸਣ ਤੋਂ ਟਾਲਾ ਵੱਟ ਰਹੀ ਹੈ ਕਿ ਕੈਨੇਡੀਅਨ ਸਰਕਾਰ ਨੇ ਨਿੱਝਰ ਦੇ ਕਤਲ ਬਾਰੇ ਜਿਹੜਾ ਸ਼ੱਕ ਪ੍ਰਗਟ ਕੀਤਾ ਸੀ, ਕੀ ਉਸ ਬਾਰੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਜੀ20 ਨਵੀਂ ਦਿੱਲੀ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਪਤਾ ਸੀ?
ਵਿਦੇਸ਼ ਮਨਿਸਟਰ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਆਸਟਰੇਲੀਆ ਨੇ ਇੰਡੀਆ ਨਾਲ ਸੰਪਰਕ ਕਰ ਲਿਆ ਹੈ। ਪਰ ਅਜੇ ਤੱਕ ਕੈਨਬਰਾ ਵਿੱਚ ਸਥਿਤ ਇੰਡੀਅਨ ਹਾਈ ਕਮਿਸ਼ਨ ਦੀ ਕੋਈ ਟਿੱਪਣੀ ਸਾਹਮਣੇ ਨਹੀਂ ਆਈ।