ਮੈਲਬਰਨ : AUKUS ਪਾਰਟਨਰਸ਼ਿਪ ਅਧੀਨ ਅਮਰੀਕਾ ਦੀਆਂ ਸਭ ਤੋਂ ਉੱਨਤ ਪਣਡੁੱਬੀਆਂ ਦੀ ਆਸਟ੍ਰੇਲੀਆ ਨੇੜਲੇ ਸਮੁੰਦਰ ’ਚ ਤੈਨਾਤੀ ਸ਼ੁਰੂ ਹੋ ਗਈ ਹੈ। ਵਰਜੀਨੀਆ ਸ਼੍ਰੇਣੀ ਦੀ ਹਮਲਾਵਰ ਪਣਡੁੱਬੀ USS Minnesota ਇਸ ਸਮੇਂ ਵੈਸਟਰਨ ਆਸਟ੍ਰੇਲੀਆ ਦੇ ਤੱਟ ਨੇੜੇ ਹੈ। AUKUS ਪਾਰਟਨਰਸ਼ਿਪ ਦੇ ਹਿੱਸੇ ਵਜੋਂ, ਵਰਜੀਨੀਆ ਸ਼੍ਰੇਣੀ ਦੀਆਂ ਚਾਰ ਪਣਡੁੱਬੀਆਂ ਦੀ ਮੇਜ਼ਬਾਨੀ 2027 ਤੋਂ ਵੈਸਟਰਨ ਆਸਟ੍ਰੇਲੀਆ ਦੇ ਨੇਵੀ ਬੇਸ ’ਤੇ ਕੀਤੀ ਜਾਵੇਗੀ, ਜਿਸ ਦਾ ਟੀਚਾ ਆਸਟ੍ਰੇਲੀਆ ਨੂੰ ਪ੍ਰਮਾਣੂ ਪਣਡੁੱਬੀ ਸਮਰੱਥ ਬਣਾਉਣਾ ਹੈ।
USS Minnesota ਦਾ ਚਾਲਕ ਦਲ ਪਣਡੁੱਬੀ ਦੇ ਸਿਸਟਮ ਨੂੰ ਚਲਾਉਣ ਲਈ ਵੀਡੀਓ ਗੇਮ-ਸਟਾਈਲ ਜੋਏਸਟਿਕ ਵਰਗੀ ਉੱਨਤ ਤਕਨਾਲੋਜੀ ਦੀ ਵਰਤੋਂ ਕਰਦਿਆਂ ਸਿਖਲਾਈ ਅਭਿਆਸ ਕਰ ਰਿਹਾ ਹੈ। ਪਣਡੁੱਬੀ ਦੇ ਕਮਾਂਡਿੰਗ ਅਫਸਰ ਜੈਫਰੀ ਕੋਰਨੀਲ ਨੇ ਇਸ ਦੀ ਤਾਕਤ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਵਰਜੀਨੀਆ ਸ਼੍ਰੇਣੀ ਦੀ ਪਣਡੁੱਬੀ ‘ਦੁਨੀਆ ਦਾ ਸਭ ਤੋਂ ਉੱਨਤ ਜੰਗੀ ਜਹਾਜ਼’ ਹੈ। ਅਮਰੀਕਾ ਅਤੇ ਆਸਟ੍ਰੇਲੀਆ ਇਸ ਸਾਂਝੇਦਾਰੀ ਵਿੱਚ ਭਾਰੀ ਨਿਵੇਸ਼ ਕਰ ਰਹੇ ਹਨ, ਜਿਸ ਵਿੱਚ HMAS ਸਟਰਲਿੰਗ ਬੇਸ ਨੂੰ 8 ਬਿਲੀਅਨ ਡਾਲਰ ਨਾਲ ਅਪਗ੍ਰੇਡ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਸੈਂਕੜੇ ਅਮਰੀਕੀ ਜਲ ਸੈਨਾ ਦੇ ਕਰਮਚਾਰੀ ਅਤੇ ਸਹਾਇਕ ਚਾਲਕ ਦਲ ਆਉਣ ਵਾਲੇ ਹਨ।