ਸਾਊਥ-ਈਸਟ ਆਸਟ੍ਰੇਲੀਆ ਨੂੰ ਠੰਢੀਆਂ ਹਵਾਵਾਂ ਨੇ ਘੇਰਿਆ, ਮੈਲਬਰਨ ’ਚ ਦਰਜ ਕੀਤੀ ਗਈ ਇਸ ਸਾਲ ਦੀ ਸਭ ਤੋਂ ਠੰਢੀ ਰਾਤ

ਮੈਲਬਰਨ : ਆਸਟ੍ਰੇਲੀਆ ’ਚ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਲੱਖਾਂ ਲੋਕਾਂ ਨੂੰ ਅੱਜ ਸਵੇਰੇ ਠੰਢ ਨੇ ਆਪਣੀ ਆਗੋਸ਼ ’ਚ ਲੈ ਲਿਆ। ਪਿਛਲੇ ਦੋ ਦਿਨਾਂ ਤੋਂ ਸਾਊਥ-ਈਸਟ ਆਸਟ੍ਰੇਲੀਆ ਵਿਚ ਠੰਢੀਆਂ ਹਵਾਵਾਂ ਚਲ ਰਹੀਆਂ ਹਨ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਬੀਤੀ ਰਾਤ ਮੈਲਬਰਨ ’ਚ ਸਾਲ 2025 ’ਚ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਰਹੀ, ਜਦੋਂ ਤਾਪਮਾਨ 7.4 ਡਿਗਰੀ ਤੱਕ ਡਿੱਗ ਗਿਆ।

ਇਸ ਦੌਰਾਨ ਕੈਨਬਰਾ ’ਚ ਤਾਪਮਾਨ -0.1 ਡਿਗਰੀ ਤੱਕ ਡਿੱਗ ਗਿਆ। ਵਿਕਟੋਰੀਅਨ ਐਲਪਸ ਦੇ ਫਾਲਸ ਕ੍ਰੀਕ ਵਿਚ ਤਾਪਮਾਨ -0.4 ਡਿਗਰੀ ਅਤੇ ਮਾਊਂਟ ਹੋਥਮ ਵਿਚ ਥੋੜ੍ਹਾ ਘੱਟ ਤਾਪਮਾਨ -0.6 ਡਿਗਰੀ ਤੱਕ ਪਹੁੰਚ ਗਿਆ। ਮਾਊਂਟ ਵੈਲਿੰਗਟਨ ਸ਼ਨੀਵਾਰ ਸਵੇਰੇ ਘੱਟੋ-ਘੱਟ ਤਾਪਮਾਨ -2.7 ਡਿਗਰੀ ’ਤੇ ਪਹੁੰਚ ਗਿਆ ਅਤੇ ਵੀਕਐਂਡ ਮੌਕੇ ਪਹਾੜ ’ਤੇ ਬਰਫਬਾਰੀ ਵੀ ਹੋਈ। ਤਸਮਾਨੀਆ ’ਚ ਸ਼ਨੀਵਾਰ ਅਤੇ ਕੱਲ੍ਹ ਸ਼ਾਮ ਨੂੰ 30 ਮਿਲੀਮੀਟਰ ਜਾਂ ਇਸ ਤੋਂ ਵੱਧ ਬਰਫਬਾਰੀ ਪਈ।