ਮੈਲਬਰਨ : ਆਸਟ੍ਰੇਲੀਆ ’ਚ ਯਹੂਦੀਆਂ ਵਿਰੁਧ ਨਫ਼ਰਤ ਵਧਦੀ ਜਾ ਰਹੀ ਹੈ। ਮੈਲਬਰਨ ਤੋਂ ਬਾਅਦ ਸਿਡਨੀ ’ਚ ਵੀ ਅੱਜ ਯਹੂਦੀ ਆਬਾਦੀ ਵਾਲੇ ਸਬਅਰਬ Woollahra ਵਿਚ ਭੰਨਤੋੜ ਕੀਤੀ ਗਈ ਅਤੇ ਇਜ਼ਰਾਈਲ ਵਿਰੋਧੀ ਨਾਅਰੇ ਵਾਲੀ ਇਕ ਕਾਰ ਨੂੰ ਅੱਗ ਲਾ ਦਿੱਤੀ ਗਈ। ਇਲਾਕੇ ’ਚ ਕੰਧਾਂ ਅਤੇ ਗੱਡੀਆਂ ’ਤੇ ਵੀ ਇਜ਼ਰਾਈਲ ਵਿਰੋਧੀ ਨਾਅਰੇ ਲਿਖੇ ਗਏ।
NSW ਦੇ ਪ੍ਰੀਮੀਅਰ Chris Minns ਨੇ ਸਿਡਨੀ ਦੇ ਈਸਟ ਹਿੱਸੇ ਵਿੱਚ ਹੋਏ ਇਸ ਯਹੂਦੀ ਵਿਰੋਧੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ “ਨਫ਼ਰਤੀ ਅਪਰਾਧ” ਅਤੇ “ਤਬਾਹੀ ਦੀ ਹਿੰਸਕ ਕਾਰਵਾਈ” ਕਰਾਰ ਦਿੱਤਾ ਹੈ। ਪ੍ਰੀਮੀਅਰ ਨੇ ਕਾਨੂੰਨ ਵਿੱਚ ਸੰਭਾਵਿਤ ਤਬਦੀਲੀਆਂ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਸਰਕਾਰ ਭਾਈਚਾਰੇ ਦੀ ਰੱਖਿਆ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਾਰਵਾਈ ਕਰੇਗੀ ਕਿ ਲੋਕ ਆਸਟ੍ਰੇਲੀਆ ਵਿੱਚ ਸੁਰੱਖਿਅਤ ਮਹਿਸੂਸ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਲਮੀ ਪੱਧਰ ’ਤੇ ਟਕਰਾਅ ਨੂੰ ਸਥਾਨਕ ਭਾਈਚਾਰਿਆਂ ’ਚ ਵਧਾਉਣਾ ਅਸਵੀਕਾਰਯੋਗ ਹੈ।
ਇਸ ਘਟਨਾ ਦੀ ਪ੍ਰਧਾਨ ਮੰਤਰੀ Anthony Albanese ਸਮੇਤ ਵਿਆਪਕ ਨਿੰਦਾ ਕੀਤੀ ਗਈ ਹੈ, ਅਤੇ ਯਹੂਦੀ ਭਾਈਚਾਰੇ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ। ਇਹ ਹਮਲਾ ਆਸਟ੍ਰੇਲੀਆ ਵਿਚ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘਟਨਾਵਾਂ ਦੀ ਲੜੀ ਵਿਚ ਤਾਜ਼ਾ ਹੈ, ਜਿਸ ਵਿਚ ਹਾਲ ਹੀ ਵਿਚ ਮੈਲਬਰਨ ਦੇ ਇਕ synagogue ਵਿਚ ਅੱਗ ਲੱਗਣ ਦੀ ਘਟਨਾ ਵੀ ਸ਼ਾਮਲ ਹੈ, ਜਿਸ ਨੂੰ ‘ਸੰਭਾਵਿਤ ਅੱਤਵਾਦੀ ਹਮਲਾ’ ਐਲਾਨਿਆ ਗਿਆ ਸੀ।