JSW ਸਟੀਲ ਆਸਟ੍ਰੇਲੀਆ ਦੀ ਕੰਪਨੀ ’ਚ ਦੋ ਤਿਹਾਈ ਹਿੱਸੇਦਾਰੀ ਖਰੀਦੇਗੀ

ਮੈਲਬਰਨ : ਭਾਰਤੀ ਸਟੀਲ ਨਿਰਮਾਤਾ JSW ਸਟੀਲ ਦੇ ਬੋਰਡ ਨੇ ਆਸਟ੍ਰੇਲੀਆ ਦੀ ਕੰਪਨੀ M Res NSW HCC ’ਚ 66.67 ਫੀਸਦੀ ਹਿੱਸੇਦਾਰੀ ਖਰੀਦਣ ਲਈ 12 ਕਰੋੜ ਡਾਲਰ ਦੇ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। JSW ਸਟੀਲ ਨੇ ਸੋਮਵਾਰ ਨੂੰ ਰੈਗੂਲੇਟਰੀ ਫਾਈਲਿੰਗ ਵਿਚ ਕਿਹਾ ਕਿ ਇਹ ਨਿਵੇਸ਼ ਆਸਟ੍ਰੇਲੀਆਈ ਕੰਪਨੀ ਵਿਚ ਉਸ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ JSW ਸਟੀਲ (ਨੀਦਰਲੈਂਡਜ਼) ਰਾਹੀਂ ਕੀਤਾ ਜਾਵੇਗਾ। ਆਸਟ੍ਰੇਲੀਆ ਅਧਾਰਤ ਕੰਪਨੀ ਮੈਥਿਊ ਲਾਟੀਮੋਰ ਦੀ ਮਲਕੀਅਤ ਹੈ, ਜੋ ਅੰਤਰਰਾਸ਼ਟਰੀ ਮਾਈਨਿੰਗ, ਨਿਵੇਸ਼, ਮਾਰਕੀਟਿੰਗ ਅਤੇ ਵਪਾਰਕ ਕੰਪਨੀ M Resource ਦੇ ਮਾਲਕ ਹਨ। JSW ਸਟੀਲ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪ੍ਰਾਪਤੀ ਉਸ ਦੇ ਲੰਬੇ ਸਮੇਂ ਦੇ ਰਣਨੀਤਕ ਟੀਚਿਆਂ ਦੇ ਅਨੁਸਾਰ ਹੈ ਅਤੇ ਉੱਚ ਗੁਣਵੱਤਾ ਵਾਲੇ ਪ੍ਰਾਈਮ ਹਾਰਡ ਕੋਕਿੰਗ ਕੋਲੇ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਏਗੀ।