ਮੈਲਬਰਨ : ਮੈਲਬਰਨ ਹਵਾਈ ਅੱਡੇ ‘ਤੇ ਇਕ ਸਿਕਿਉਰਿਟੀ ਗਾਰਡ ‘ਤੇ Uber ਦੇ ਇਕ ਡਰਾਈਵਰ ਨੂੰ ਸਿਰਫ਼ ਇਸ ਕਾਰਨ ਕਥਿਤ ਤੌਰ ‘ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਕਿਉਂਕਿ ਉਸ ਨੇ ਡਰਾਈਵਰ ਨੂੰ ਟੈਕਸੀ ਰੈਂਕ ਛੱਡਣ ਲਈ ਕਿਹਾ ਸੀ। 9ਨਿਊਜ਼ ਵੱਲੋਂ ਨਸ਼ਰ ਕੀਤੀ ਖ਼ਬਰ ਅਨੁਸਾਰ ਸਿਕਿਉਰਿਟੀ ਗਾਰਡ ਦਾ ਨਾਂ ਸਿਰਫ਼ ‘ਸਿੰਘ’ ਦਸਿਆ ਗਿਆ ਹੈ ਅਤੇ ਉਸ ਦੀ ਪੂਰੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ।
Uber ਡਰਾਈਵਰ ਨੇ ਟਾਇਰ ਆਇਰਨ ਨਾਲ ਸਿੰਘ ’ਤੇ ਹਮਲਾ ਕੀਤਾ ਜਿਸ ਦੇ ਨਤੀਜੇ ਵਜੋਂ ਉਸ ਦੀ ਖੋਪੜੀ ਟੁੱਟ ਗਈ ਅਤੇ ਉਸ ਨੂੰ ਸੱਤ ਟਾਂਕੇ ਲਗਾਉਣੇ ਪਏ। ਹਮਲੇ ਤੋਂ ਬਾਅਦ, ਖ਼ੂਨ ਨਾਲ ਲਥਪਥ ਸਿੰਘ ਦੇ ਸਾਥੀ ਉਸ ਦੀ ਮਦਦ ਲਈ ਆਏ ਅਤੇ ਉਸ ਦੀ ਜਾਨ ਬਚਾਈ। ਸਿੰਘ ਅਤੇ ਉਸ ਦੇ ਸਾਥੀਆਂ ਨੇ ਹਵਾਈ ਅੱਡੇ ‘ਤੇ ਵਧ ਰਹੇ ਦੁਰਵਿਵਹਾਰ ਬਾਰੇ ਵਧਦੀ ਚਿੰਤਾ ਜ਼ਾਹਰ ਕੀਤੀ ਹੈ। ਹਮਲੇ ਦੇ ਸਬੰਧ ਵਿੱਚ, ਸੇਂਟ ਅਲਬੈਂਸ ਵਿੱਚ ਇੱਕ ਘਰ ‘ਤੇ ਪੁਲਿਸ ਦੀ ਛਾਪੇਮਾਰੀ ਤੋਂ ਬਾਅਦ ਇੱਕ 29 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ‘ਤੇ ਕਥਿਤ ਹਮਲੇ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਹੋਣਾ ਹੈ।