ਮੈਲਬਰਨ : ਕੁਈਨਜ਼ਲੈਂਡ ਦੀ ਮਾਈਲਜ਼ ਲੇਬਰ ਸਰਕਾਰ ਨੇ ਪਹਿਲੀ ਵਾਰੀ ਘਰ ਖ਼ਰੀਦ ਰਹੇ ਲੋਕਾਂ ਲਈ ਸਟੈਂਪ ਡਿਊਟੀ ਰਿਆਇਤ ਦੀ ਹੱਦ 500,000 ਡਾਲਰ ਤੋਂ ਵਧਾ ਕੇ 700,000 ਡਾਲਰ ਅਤੇ ਖਾਲੀ ਜ਼ਮੀਨ ਲਈ 250,000 ਡਾਲਰ ਤੋਂ ਵਧਾ ਕੇ 350,000 ਡਾਲਰ ਕਰ ਦਿੱਤੀ ਹੈ। ਇੱਕ ਅੰਦਾਜ਼ੇ ਅਨੁਸਾਰ ਸਾਲਾਨਾ ਲਗਭਗ 10,000 ਖਰੀਦਦਾਰਾਂ ਨੂੰ ਇਸ ਫ਼ੈਸਲੇ ਨਾਲ ਰਾਹਤ ਮਿਲੇਗੀ। ਪਿਛਲੇ ਚਾਰ ਸਾਲਾਂ ਵਿੱਚ ਬ੍ਰਿਸਬੇਨ ਅੰਦਰ 17,660 ਪਹਿਲੀ ਵਾਰੀ ਘਰ ਖ਼ਰੀਦਣ ਵਾਲੇ ਸਟੈਂਪ ਡਿਊਟੀ ਰਿਆਇਤਾਂ ਵਿੱਚ 216 ਮਿਲੀਅਨ ਡਾਲਰ ਦਾ ਲਾਭ ਲੈ ਚੁੱਕੇ ਹਨ। ਪਹਿਲੀ ਵਾਰ ਘਰ ਖਰੀਦਦਾਰਾਂ ਦੀ ਵਧੀ ਹੋਈ ਖਰੀਦ ਸ਼ਕਤੀ ਨੂੰ ਸੰਤੁਲਿਤ ਕਰਨ ਲਈ ਵਿਦੇਸ਼ੀ ਨਿਵੇਸ਼ਕ ਲੈਂਡ ਟੈਕਸ ਸਰਚਾਰਜ ਨੂੰ ਵੀ ਵਧਾ ਕੇ 3 ਫੀਸਦੀ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਹ ਅਜੇ ਵੀ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ 4٪ ਸਰਚਾਰਜ ਨਾਲੋਂ ਘੱਟ ਹੈ। ਇਨ੍ਹਾਂ ਸਟੇਟਸ ’ਚ ਵਿਦੇਸ਼ੀ ਖਰੀਦਦਾਰਾਂ ਲਈ ਸਟੈਂਪ ਡਿਊਟੀ ਸਰਚਾਰਜ 8٪ ਹੈ।