ਸੀਨੀਅਰ ਕਾਂਗਰਸੀ ਪੀ. ਚਿਦੰਬਰਮ ਨੇ ‘ਆਪ੍ਰੇਸ਼ਨ ਬਲੂਸਟਾਰ’ ਨੂੰ ਗ਼ਲਤੀ ਦੱਸਿਆ, ਕਾਂਗਰਸ ਭੜਕੀ

Sea7 Australia Team
3 Min Read

ਚੰਡੀਗੜ੍ਹ : 26/11 ਮੁੰਬਈ ਹਮਲਿਆਂ ਬਾਰੇ ਪਹਿਲਾਂ ਹੀ ਬਿਆਨ ਦੇ ਕੇ ਕਾਂਗਰਸ ਪਾਰਟੀ ਲਈ ਸ਼ਰਮਿੰਦਗੀ ਦਾ ਕਾਰਨ ਬਣੇ ਸੀਨੀਅਰ ਕਾਂਗਰਸ ਆਗੂ ਪੀ. ਚਿਦੰਬਰਮ ਨੇ ਇੱਕ ਹੋਰ ਵੱਡਾ ਬਿਆਨ ਦੇ ਕੇ ਕਾਂਗਰਸ ਲੀਡਰਸ਼ਿਪ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਸਾਬਕਾ ਕੇਂਦਰੀ ਗ੍ਰਹਿ ਮੰਤਰੀ ਨੇ ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ ਕਸੌਲੀ ’ਚ ਇੱਕ ਪੁਸਤਕ ਰਿਲੀਜ਼ ਸਮਾਗਮ ਦੌਰਾਨ ਕਿਹਾ ਕਿ 1984 ’ਚ ਸ੍ਰੀ ਹਰਿਮੰਦਰ ਸਾਹਿਬ ’ਚ ਲੁਕੇ ਖਾੜਕੂਆਂ ਨੂੰ ਫੜਨ ਲਈ ਚਲਾਇਆ ਗਿਆ ‘ਆਪ੍ਰੇਸ਼ਨ ਬਲੂਸਟਾਰ’ ਸਹੀ ਢੰਗ ਨਹੀਂ ਸੀ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਸ ਦੀ ਕੀਮਤ ‘ਆਪਣੀ ਜਾਨ ਦੇ ਕੇ ਚੁਕਾਉਣੀ’ ਪਈ ਸੀ।

ਉਨ੍ਹਾਂ ਕਿਹਾ, ‘‘ਸਾਰੇ ਖਾੜਕੂਆਂ ਨੂੰ ਫੜਨ ਦਾ ਕੋਈ ਹੋਰ ਢੰਗ ਹੋ ਸਕਦਾ ਸੀ ਪਰ ‘ਆਪ੍ਰੇਸ਼ਨ ਬਲੂਸਟਾਰ’ ਗਲਤ ਢੰਗ ਸੀ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਇੰਦਰਾ ਗਾਂਧੀ ਨੇ ਇਸ ਗਲਤੀ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਈ।’’ ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਹ ਫ਼ੌਜ, ਖੁਫੀਆ ਵਿਭਾਗ, ਪੁਲੀਸ ਤੇ ਹੋਰ ਏਜੰਸੀਆਂ ਦਾ ਸਾਂਝਾ ਫ਼ੈਸਲਾ ਸੀ ਅਤੇ ਇਸ ਲਈ ਪੂਰੀ ਤਰ੍ਹਾਂ ਇੰਦਰਾ ਗਾਂਧੀ ਜ਼ਿੰਮੇਵਾਰ ਨਹੀਂ ਸੀ। ਚਿਦੰਬਰਮ ਨੇ ਖੁਸ਼ਵੰਤ ਸਿੰਘ ਸਾਹਿਤ ਉਤਸਵ ’ਚ ਪੱਤਰਕਾਰ ਤੇ ਲੇਖਿਕਾ ਹਰਿੰਦਰ ਬਵੇਜਾ ਨਾਲ ਉਨ੍ਹਾਂ ਦੀ ਪੁਸਤਕ ‘ਦੇ ਵਿੱਲ ਸ਼ੂਟ ਯੂ ਮੈਡਮ: ਮਾਈ ਲਾਈਫ ਥਰੂ ਕਨਫਲਿਕਟ’ ’ਤੇ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ। ਚਿਦੰਬਰਮ ਨੇ ਇਹ ਵੀ ਕਿਹਾ ਕਿ ‘ਆਪ੍ਰੇਸ਼ਨ ਬਲੂਸਟਾਰ’ ਤੋਂ ਤਕਰੀਬਨ 3 ਤੋਂ 4 ਸਾਲ ਬਾਅਦ ‘ਆਪ੍ਰੇਸ਼ਨ ਬਲੈਕ ਥੰਡਰ’ ਨਾਲ ਇਸ ਕੰਮ ਨੂੰ ਕਰਨ ਦਾ ਸਹੀ ਤਰੀਕਾ ਅਪਣਾਇਆ ਗਿਆ ਜਦੋਂ ਫ਼ੌਜ ਨੂੰ ਬਾਹਰ ਰੱਖਿਆ ਗਿਆ।

ਜ਼ਿਕਰਯੋਗ ਹੈ ਕਿ ਦਮਦਮੀ ਟਕਸਾਲ ਦੇ ਆਗੂ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਹੋਰ ਖਾੜਕੂਆਂ ਨੂੰ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ’ਚੋਂ ਕੱਢਣ ਲਈ 1 ਤੋਂ 10 ਜੂਨ 1984 ਵਿਚਾਲੇ ‘ਆਪ੍ਰੇਸ਼ਨ ਬਲੂ ਸਟਾਰ’ ਤਹਿਤ ਫੌਜੀ ਮੁਹਿੰਮ ਚਲਾਈ ਗਈ ਸੀ। ਬਾਅਦ ਵਿੱਚ ਉਸੇ ਸਾਲ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ।

ਹਾਲਾਂਕਿ ਚਿਦੰਬਰਮ ਦੇ ਇਸ ਬਿਆਨ ਤੋਂ ਕਾਂਗਰਸ ਨਾਰਾਜ਼ ਹੈ। ਸੂਤਰਾਂ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਚਿਦੰਬਰਮ ਵੱਲੋਂ ਦਿੱਤੇ ਗਏ ਬਿਆਨ ਤੋਂ ‘ਬੇਹੱਦ ਨਾਰਾਜ਼’ ਹੈ ਅਤੇ ਉਸ ਦਾ ਮੰਨਣਾ ਹੈ ਕਿ ਸੀਨੀਅਰ ਆਗੂਆਂ ਨੂੰ ਪਾਰਟੀ ਲਈ ਸ਼ਰਮਿੰਦਗੀ ਪੈਦਾ ਕਰਨ ਵਾਲੇ ਜਨਤਕ ਬਿਆਨ ਦੇਣ ਤੋਂ ਪਹਿਲਾਂ ਸਾਵਧਾਨੀ ਵਰਤਣੀ ਚਾਹੀਦੀ ਹੈ।

ਸਾਬਕਾ ਗ੍ਰਹਿ ਮੰਤਰੀ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਕਿਰਨ ਰਿਜਿਜੂ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ, ‘ਚਿਦੰਬਰਮ ਜੀ ਕਾਂਗਰਸ ਦੀਆਂ ਗਲਤੀਆਂ ਨੂੰ ਬਹੁਤ ਦੇਰ ਨਾਲ ਮੰਨ ਰਹੇ ਹਨ!’ ਮੰਤਰੀ ਨੇ ਕਿਹਾ, ‘ਇਹ ਖੁਲਾਸਾ ਕਰਨ ਤੋਂ ਬਾਅਦ ਕਿ ਅਮਰੀਕਾ ਤੇ ਵਿਦੇਸ਼ੀ ਤਾਕਤਾਂ ਦੇ ਦਬਾਅ ਕਾਰਨ ਭਾਰਤ ਮੁੰਬਈ ਵਿੱਚ ਪਾਕਿਸਤਾਨੀ ਅਤਿਵਾਦੀ ਹਮਲਿਆਂ ਦਾ ਜਵਾਬ ਨਹੀਂ ਦੇ ਸਕਿਆ, ਹੁਣ ਉਹ ਮੰਨਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਪਰੇਸ਼ਨ ਬਲੂਸਟਾਰ ਵੀ ਇੱਕ ਗਲਤੀ ਸੀ।’ ਭਾਜਪਾ ਦੇ ਆਈ ਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਕਾਂਗਰਸ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ‘ਸ਼ਹੀਦ’ ਦੱਸਣ ਦਾ ਕੋਈ ਮੌਕਾ ਨਹੀਂ ਛੱਡਦੀ ਪਰ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਹੁਣ ਇਸ ਮਿੱਥ ਨੂੰ ਤੋੜ ਦਿੱਤਾ ਹੈ।

Share This Article