ਸ੍ਰੀ ਗੁਰੂ ਅਮਰਦਾਸ ਜੀ (Sri Guru Amar Das Ji) ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ

ਮੈਲਬਰਨ:

ਸਿੱਖ ਧਰਮ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ (Sri Guru Amar Das Ji) ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਸਰਕੇ ਪਿੰਡ ਵਿੱਚ ਵਸਾਖ ਸੁਦੀ 11, 1536 ਬਿਕਰਮੀ (5 ਮਈ 1479 ਈ.) ਨੂੰ ਭੱਲਾ ਖੱਤਰੀ ਪ੍ਰਵਾਰ ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਤੇਜ ਭਾਨ ਅਤੇ ਮਾਤਾ ਦਾ ਨਾਂ ਸੁਲੱਖਣੀਸੀ, ਜਿਸਨੂੰ ਕਈ ਇਤਿਹਾਸਕਾਰ ਵੱਖ ਵੱਖ ਨਾਂ ਦੇਂਦੇ ਹਨ ਜਿਵੇਂ ਲੱਛਮੀ, ਭੂਪ ਕੌਰ ਅਤੇ ਰੂਪ ਕੌਰ। ਆਪ ਜੀ ਦੀ ਸ਼ਾਦੀ 11 ਮਾਘ 1559 ਬਿਕਰਮੀ ਨੂੰ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਸੰਖਤਰਾ ਦੇ ਇੱਕ ਬਹਿਲ ਖੱਤਰੀ ਦੇਵੀ ਚੰਦ ਦੀ ਧੀ ਮਨਸਾ ਦੇਵੀ ਨਾਲ ਕਰ ਦਿੱਤੀ ਗਈ। ਆਪ ਜੀ ਦੇ ਚਾਰ ਬੱਚੇ-ਦੋ ਪੁੱਤਰ ਮੋਹਰੀ ਜੀ ਅਤੇ ਮੋਹਨ ਜੀ ਅਤੇ ਦੋ ਧੀਆਂ ਦਾਨੀ ਜੀ ਅਤੇ ਭਾਨੀ ਜੀ ਸਨ।

ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਆਪ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ। ਬੀਬੀ ਅਮਰੋ ਨੇ ਹੀ ਆਪ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਲਿਆਂਦਾ।ਸੰਪਰਕ ਵਿੱਚ ਆਉਣ ਪਿੱਛੋਂ ਆਪ ਜੀ ਉੱਥੇ ਹੀ ਖਡੂਰ ਸਾਹਿਬ ਰਹਿਣ ਲੱਗ ਪਏ।ਇਹ ਵਾਕਿਆ 1597 ਬਿਕਰਮੀ/1540 ਈ. ਦਾ ਹੈ।

ਰੋਜ਼ਾਨਾ ਬਿਆਸ ਦਰਿਆ ਤੋਂ ਗੁਰੂ ਜੀ ਦੇ ਇਸ਼ਨਾਨ ਲਈ ਤੜਕੇ ਪਾਣੀ ਦੀ ਗਾਗਰ ਭਰ ਕੇ ਲਿਆਉਣਾ, ਸਾਰਾ ਦਿਨ ਭਾਂਡੇ ਮਾਂਜਣੇ, ਪਾਣੀ ਢੋਣਾ ਅਤੇ ਸੰਗਤ ਦੀ ਸੇਵਾ ਕਰਨੀ ਆਪ ਜੀ ਦਾ ਨਿਤਨੇਮ ਬਣ ਗਿਆ। ਆਪਣੇ ਗੁਰੂ ਉਪਰ ਪੂਰਨ ਸ਼ਰਧਾ ਦੀਆਂ ਕਈ ਸਾਖੀਆਂ ਮਿਲਦੀਆਂ ਹਨ, ਜਿਨ੍ਹਾਂ ਵਿੱਚ ਇੱਕ ਬਹੁਤ ਮਹੱਤਵਪੂਰਨ ਹੈ ਕਿ ਕਿਵੇਂ ਇੱਕ ਝੱਖੜ ਵਾਲੀ ਰਾਤ ਨੂੰ ਤੇਜ਼ ਹਵਾਵਾਂ, ਮੀਂਹ ਅਤੇ ਕੜਕਦੀ ਬਿਜਲੀ ਦੀ ਪ੍ਰਵਾਹ ਨਾ ਕਰਦੇ ਹੋਏ ਆਪ ਜੀ ਨੇ ਗੁਰੂ ਜੀ ਲਈ ਦਰਿਆ ਬਿਆਸ ਤੋਂ ਪਾਣੀ ਲਿਆਂਦਾ। ਖਡੂਰ ਦੇ ਜੁਲਾਹਿਆਂ ਦੀ ਖੱਡੀ ਵਿੱਚ ਆਪ ਠੇਡਾ ਖਾ ਕੇ ਡਿੱਗ ਪਏ, ਪਰ ਆਪਣੇ ਸਿਰ ‘ਤੇ ਚੁੱਕੀ ਗਾਗਰ ਦਾ ਪਾਣੀ ਇਨ੍ਹਾਂ ਨੇ ਡੁੱਲਣ ਨਾ ਦਿੱਤਾ। ਖੜਾਕ ਸੁਣ ਲੇ ਜੁਲਾਹੇ ਨੇ ਆਪਣੀ ਵਹੁੱਟੀ ਨੂੰ ਪੁੱਛਿਆ ਕਿ ਖੜਾਕ ਹੋਇਆ ਹੈ, ਅੱਗੋਂ ਜੁਲਾਹੀ ਨੇ ਆਖਿਆ ਕਿ ਇਹ ਉਹੋ ‘ਅਮਰੂ ਨਿਥਾਵਾ’ ਹੋਵੇਗਾ, ਜੋ ਰਾਤ ਵੀ ਚੈਨ ਨਹੀਂ ਲੈਂਦਾ।ਇਹ ਗੱਲ ਸੰਨ 1552 ਦੀ ਹੈ ਜਦ ਆਪ ਜੀ ਦੀ ਉਮਰ 73 ਸਾਲ ਦੀ ਸੀ। ਜਦ ਗੁਰੂ ਅੰਗਦ ਦੇਵ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪ ਦੀ ਸਰਾਹਨਾ ਕੀਤੀ ਅਤੇ ਆਪ ਨੂੰ ‘ਨਿਥਾਵਿਆਂ ਦਾ ਥਾਂ’, ‘ਨਿਮਾਣਿਆਂ ਦਾ ਮਾਣ’, ‘ਨਿਤਾਣਿਆ ਦਾ ਤਾਣ’, ‘ਨਿਆਸਰਿਆਂ ਦਾ ਆਸਰਾ’, ‘ਨਿਉਟਿਆਂ ਦੀ ਓਟ’, ‘ਨਿਧਰਿਆ ਦੀ ਧਿਰ’, ‘ਨਿਗਤਿਆਂ ਦੀ ਗਤ’ ਕਿਹਾ।

ਇਸ ਘਟਨਾ ਨੇ ਗੁਰੂ ਅੰਗਦ ਦੇਵ ਜੀ ਦੇ ਜਾਨਸ਼ੀਨ ਦੀ ਚੋਣ ਕਰਨ ਦੇ ਮਸਲੇ ਨੂੰ ਹੱਲ ਕਰ ਦਿੱਤਾ। ਗੁਰੂ ਅੰਗਦ ਦੇਵ ਜੀ ਨੇ ਪ੍ਰਚਲਿਤ ਮਰਯਾਦਾ ਅਨੁਸਾਰ ਨਾਰੀਅਲ ਅਤੇ ਪੰਜ ਪੈਸੇ ਅਮਰਦਾਸ ਜੀ ਅੱਗੇ ਰੱਖਕੇ ਮੱਥਾ ਟੇਕਿਆ। ਗੁਰੂ ਗੱਦੀ ਉੱਤੇ ਬਿਰਾਜਮਾਨ ਕਰਨ ਲਈ ਗੁਰਗੱਦੀ ਦਾ ਟਿੱਕਾ ਸਤਿਕਾਰਯੋਗ ਭਾਈ ਬੁੱਢਾ ਜੀ ਨੇ ਲਗਾਇਆ। ਛੇਤੀ ਹੀ ਪਿੱਛੋਂ 1609 ਬਿਕਰਮੀ ਸਾਲ ਦੇ ਚੇਤ ਦੇ ਪਹਿਲੇ ਚਾਨਣੇ ਪੱਖ ਦੇ ਚੌਥੇ ਦਿਨ (29 ਮਾਰਚ 1552 ਈ.) ਨੂੰ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ।

ਗੁਰੂ ਅਮਰਦਾਸ ਜੀ (Sri Guru Amar Das Ji) ਨੇ ਗੋਇੰਦਵਾਲ ਨੂੰ ਆਪਣਾ ਮੁੱਖ ਕੇਂਦਰ ਬਣਾਇਆ ਤੇ ਇੱਥੇ ਹੀ ਰਹਿ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਕੀਤਾ। ਆਪ ਜੀ ਨੇ ਧਰਮ ਪ੍ਰਚਾਰ ਲਈ ਇੱਕ ਦ੍ਰਿੜ ਮੰਜੀ ਪ੍ਰਣਾਲੀ ਸ਼ੁਰੂ ਕੀਤੀ ਅਤੇ ਭਾਰਤ ਦੇ ਵੱਖ ਵੱਖ ਭਾਗਾਂ ਵਿੱਚ ਪ੍ਰਚਾਰ ਕਰਨ ਲਈ 22 ਮੰਜੀਆਂ ਸਥਾਪਿਤ ਕੀਤੀਆਂ ਭਾਵ ਕਿ ਪ੍ਰਚਾਰ ਕੇਂਦਰ ਕਾਇਮ ਕੀਤੇ। ਹਰ ਮੰਜੀ ਇੱਕ ਗੁਰਮੁਖ ਸਿੱਖ ਦੇ ਅਧੀਨ ਸੀ ਜੋ ਕਿ ਪ੍ਰਚਾਰ ਕਰਨ ਤੋਂ ਇਲਾਵਾ ਆਪਣੇ ਅਧਿਕਾਰ ਖੇਤਰ ਵਿੱਚ ਸੰਗਤ ਦੀ ਸੇਵਾ ਸੰਭਾਲ ਕਰਦਾ ਸੀ ਅਤੇ ਸਿੱਖਾਂ ਦੀਆਂ ਭੇਟਾਵਾਂ ਗੋਇੰਦਵਾਲ ਭੇਜਦਾ ਸੀ।

ਹੇਠ ਲਿਖੇ ਗੁਰਸਿੱਖਾਂ ਨੂੰ ਮੰਜੀਆਂ (ਉਪਦੇਸ਼ਕ-ਗੱਦੀਆਂ) ਬਖ਼ਸ਼ੀਆਂ ਗਈਆਂ ਸਨ :-1ਅੱਲਾਯਾਰ ਪਠਾਣ ਸੌਦਾਗਰ 2.ਸੱਚਨ ਸੱਚ ਪਿੰਡ ਮੰਦਰ ਤਸੀਲ ਸ਼ਕਰਪੁਰ 3. ਸਾਧਾਰਨ ਗੋਇੰਦਵਾਲ 4.ਸਾਵਣ ਮਲ ਗੋਇੰਦਵਾਲ 5.ਸੁੱਖਣ ਧਮਿਆਲ 6.ਹੰਦਾਲ ਜੰਡਿਆਲਾ 7.ਕੇਦਾਰੀ ਬਟਾਲਾ 8.ਖੇਡਾ ਖੇਮਕਰਨ 9.ਗੰਗੂਸ਼ਾਹ ਗੜ੍ਹ ਸ਼ੰਕਰ 10.ਦਰਬਾਰੀ ਮਜੀਠਾ 11. ਪਾਰੋ ਡੱਲਾ 12. ਫੇਰਾ ਮੀਰਪੁਰ 13.ਬੂਆ ਹਰਿ ਗੋਬਿੰਦਪੁਰ ਇਸਦੀ ਸੰਤਾਨ 14.ਬੇਣੀ ਚੂਹਨੀਆਂ 15.ਮਹੇਸ਼ਾ ਸੁਲਤਾਨਪੁਰ 16.ਮਾਈਦਾਸ ਨਰੋਲੀ (ਮਾਝਾ) 17.ਮਾਣਕ ਚੰਦ ਵੈਰੋਵਾਲ 18.ਮੁਰਾਰੀ ਖਾਈ (ਲਾਹੌਰ) 19.ਰਾਜਾ ਰਾਮ ਸੰਧਮਾ (ਜਲੰਧਰ) ਇਸ ਦੀ ਸੰਤਾਨ 20.ਰੰਗ ਸ਼ਾਹ ਮੱਲੂ ਪੋਤਾ (ਜਲੰਧਰ) 21.ਰੰਗ ਦਾਸ ਘੜੂਆਂ (ਅੰਬਾਲਾ) 22.ਲਾਲੋ ਡੱਲਾ ਆਪ ਜੀ ਨੇ ਵਸਾਖ ਅਤੇ ਮਾਘ ਦੇ ਪਹਿਲੇ ਦਿਨ ਅਤੇ ਦਿਵਾਲੀ ,ਗੋਇੰਦਵਾਲ ਵਿਖੇ ਸਿੱਖਾਂ ਦੇ ਇਕੱਠੇ ਹੋਣ ਲਈ ਨੀਯਤ ਕਰ ਦਿੱਤੇ।ਪਾਣੀ ਦੀ ਤੰਗੀ ਨੂੰ ਦੂਰ ਕਰਨ ਲਈ ਇੱਕ ਬਉਲੀ ਬਣਾਈ। ਲੰਗਰ ਦੀ ਪ੍ਰਥਾ ਪਹਿਲਾਂ ਹੀ ਸੀ। ਇਸ ਨੂੰ ਹੋਰ ਵੱਡੇ ਪੈਮਾਨੇ ‘ਤੇ ਸ਼ੁਰੂ ਕੀਤਾ ਗਿਆ। ਇਸ ਤੋਂ ਇਨ੍ਹਾਂ ਦਾ ਭਾਵ ਜਾਤ ਪਾਤ ਅਤੇ ਆਹੁਦੇ ਦੀ ਭਾਵਨਾ ਨੂੰ ਘਟਾਉਣਾ ਸੀ। ਇੱਕ ਵਾਰੀ ਅਕਬਰ ਬਾਦਸ਼ਾਹ ਗੋਇੰਦਵਾਲ ਆਇਆ ਤਾਂ ਉਸ ਨੇ ਵੀ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛੱਕਿਆ। ਆਪ ਰੁੱਖੀ ਮਿੱਸੀ ਰੋਟੀ ਖਾਂਦੇ ਸਨ। ਜੋ ਕੁਝ ਦਿਨ ਵੇਲੇ ਲੰਗਰ ਵਿੱਚ ਆਉਂਦਾ ਸੀ ਰਾਤ ਤੱਕ ਵਰਤ ਜਾਂਦਾ ਸੀ ।

ਗੁਰੂ ਜੀ ਨੇ ਉਸ ਸਮੇਂ ਹਿੰਦੂ ਧਰਮ ਵਿੱਚ ਫੈਲੀਆਂ ਕੁਰੀਤੀਆਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਉਸ ਸਮੇਂ ਸਤੀ ਦੀ ਰਸਮ ਸੀ, ਜਿਸ ਵਿੱਚ ਪਤੀ ਦੇ ਮਰਨ ‘ਤੇ ਵਿਧਵਾ ਨੂੰ ਪਤੀ ਦੀ ਚਿੱਖਾ ‘ਤੇ ਸੜਨਾ ਪੈਂਦਾ ਸੀ। ਗੁਰੂ ਅਮਰਦਾਸ ਜੀ (Sri Guru Amar Das Ji) ਨੇ ਭਾਈ ਜੇਠਾ ਜੀ ਨੂੰ ਬਾਦਸ਼ਾਹ ਅਕਬਰ ਪਾਸ ਭੇਜਿਆ ਕਿ ਉਹ ਇਸ ਰਸਮ ਨੂੰ ਰੋਕਣ ਲਈ ਸ਼ਾਹੀ ਤਾਕਤ ਵਰਤਣ।ਗੁਰੂ ਅਮਰਦਾਸ ਜੀ ਨੇ ਸਿੱਖਾਂ ਵਿੱਚ ਪਰਦੇ ਦੀ ਰਸਮ ਤੋਂ ਵੀ ਵਰਜਿਆ।

ਗੁਰੂ ਅਮਰਦਾਸ ਜੀ (Sri Guru Amar Das Ji) ਨੇ ਹਿੰਦੂਆਂ ਪਾਸੋਂ ਤੀਰਥ ਯਾਤਰਾ ‘ਤੇ ਲਿਆ ਜਾਂਦਾ ਕਰ ਵੀ ਬੰਦ ਕਰਵਾਇਆ। ਗੁਰੂ ਜੀ ਕੁਰੀਤੀਆਂ ਨੂੰ ਦੂਰ ਕਰਾਉਣ ਲਈ ਵੱਖ ਵੱਖ ਤੀਰਥ ਅਸਥਾਨਾਂ ‘ਤੇ ਗਏ । ਕਰ ਤੋਂ ਛੋਟ ਮਿਲਣ ਕਰਕੇ ਅਨੇਕਾਂ ਹਿੰਦੂ ਵੀ ਉਨ੍ਹਾਂ ਦੇ ਨਾਲ ਤੀਰਥ ਯਾਤਰਾ ਨੂੰ ਗਏ। ਉਨ੍ਹਾਂ ਨਾਲ ਗੁਰੂ ਰਾਮਦਾਸ ਜੀ ਤੇ ਹੋਰ ਮੁੱਖੀ ਸਿੱਖ ਵੀ ਗਏ। ਉਹ ਪਹਿਲਾਂ ਕੁਰਕਸ਼ੇਤਰ, ਫਿਰ ਜਮਨਾ ਅਤੇ ਫਿਰ ਹਰਿਦੁਆਰ ਗਏ। ਗੁਰੂ ਨਾਨਕ ਜੀ ਵਾਂਗ ਆਪ ਦਾ ਮਕਸਦ ਵੀ ਕੁਰਾਹੇ ਪਈ ਜਨਤਾ ਨੂੰ ਸਿੱਧੇ ਰਾਹ ਲਿਆਉਣਾ ਸੀ। ਗੁਰੂ ਜੀ ਨੇ ਜਾਤ ਪਾਤ ਦਾ ਭਰਮ ਮਿਟਾਕੇ ਭਰੇ ਦਰਬਾਰ ਵਿੱਚ ਕਈ ਅੰਤਰ-ਜਾਤੀ ਵਿਆਹ ਕੀਤੇ। ਭਾਈ ਸ਼ੀਂਹੇ ਦੀ ਲੜਕੀ ਇੱਕ ਗਰੀਬ ਸਿੱਖ ‘ਪ੍ਰੇਮੇ’ ਨਾਲ ਵਿਆਹੀ। ਇੱਕ ਰਾਜਪੂਤ ਲੜਕੇ ਦੀ ਸ਼ਾਦੀ ‘ਸੱਚਨ ਸੱਚ’ ਨਾਮੀ ਲਕੜਹਾਰੇ ਨਾਲ ਕੀਤੀ। ਗੁਰੂ ਸਾਹਿਬ ਨੇ ਵੀ ਆਪਣੀ ਲੜਕੀ ਬੀਬੀ ਭਾਨੀ ਦੀ ਸ਼ਾਦੀ ਲਈ ਇੱਕ ਘੁੰਗਣੀਆਂ ਵੇਚਣ ਵਾਲੇ ਕਿਰਤੀ ਗੱਭਰੂ ਭਾਈ ਜੇਠੇ ਨਾਲ ਕੀਤੀ।

ਮਾਝੇ ਵਿੱਚ ਗੁਰੂ ਅਮਰਦਾਸ ਜੀ ਨੇ (Sri Guru Amar Das Ji) ਸਿੱਖਾਂ ਦੇ ਕੇਂਦਰ ਲਈ ਅੰਮ੍ਰਿਤਸਰ ਵਾਲੀ ਜਗ੍ਹਾ ਚੁਣੀ। ਚਹੁੰ ਪਿੰਡਾਂ ਗੁਮਟਾਲਾ, ਤੁੰਗ, ਸੁਲਤਾਨਵਿੰਡ ਤੇ ਗਿਲਵਾਲੀ ਦੇ ਪੈਂਚ ਸਦਵਾ ਲਏ ਅਤੇ ਉਨ੍ਹਾਂ ਸਾਹਮਣੇ ਮੋੜੀ ਗਡਵਾ ਕੇ ਪਿੰਡ ਦਾ ਨਾਮ ਗੁਰੂ-ਚੱਕ ਰੱਖ ਦਿੱਤਾ। ਇਹ ਸਮ੍ਹਾਂ ਹਾੜ ਸੰਮਤ 1627 (ਜੂਨ ਸੰਨ 1570) ਦਾ ਹੈ। ਇਸ ਨੂੰ ਵਸਾਉਣ ਦਾ ਕੰਮ ਆਪ ਜੀ ਨੇ (ਗੁਰੂ) ਰਾਮਦਾਸ ਜੀ ਦੀ ਨਿਗਰਾਨੀ ਵਿੱਚ ਕਰਵਾਇਆ।

ਆਪ ਜੀ ਨੇ ਪਹਿਲੇ ਗੁਰੂਆਂ ਦੀ ਤਰ੍ਹਾਂ ਪੰਜਾਬੀ ਵਿੱਚ ਬਾਣੀ ਰਚੀ।ਗਿਣਤੀ ਪੱਖੋਂ ਗੁਰਬਾਣੀ ਰਚਨਾ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਦੇਵ ਜੀ ਦਾ ਤੇ ਦੂਜਾ ਸਥਾਨ ਗੁਰੂ ਅਰਜਨ ਦੇਵ ਜੀ ਦਾ ਹੈ। ਆਪ ਜੀ ਦਾ ਸਥਾਨ ਤੀਸਰਾ ਹੈ। ਆਪ ਜੀ ਨੇ ਸਤਾਰਾਂ ਰਾਗਾਂ ਵਿੱਚ ਬਾਣੀ ਰਚੀ ਜਿਨ੍ਹਾਂ ਦੇ ਨਾਂ ਸਿਰੀ, ਮਾਝ, ਗਉੜੀ, ਆਸਾ, ਗੂਜਰੀ, ਵਡਹੰਸ, ਸੋਰਠਿ, ਧਨਾਸਰੀ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਭੈਰਉ, ਬਸੰਤ, ਸਾਰੰਗ, ਮਲਾਰ ਅਤੇ ਪ੍ਰਭਾਤੀ। ਸਭ ਤੋਂ ਪ੍ਰਸਿੱਧ ਇਨ੍ਹਾਂ ਦੀ ਬਾਣੀ ਅਨੰਦ ਸਾਹਿਬ ਹੈ । ਕਾਵਿ ਰੂਪਾਂ ਵਿੱਚੋਂ ਆਪ ਜੀ ਨੇ ਪਦੇ, ਛੰਤ, ਅਸ਼ਟਪਦੀਆਂ, ਸਲੋਕ ਅਤੇ ਵਾਰਾਂ ਦੇ ਰੂਪ ਵਰਤੇ ਹਨ।

ਗੁਰੂ ਜੀ ਨੇ ਆਪਣਾ ਸਰੀਰਕ ਅੰਤ ਨੇੜੇ ਆਇਆ ਜਾਣ ਕੇ ਆਪਣੇ ਸਾਰੇ ਪਰਿਵਾਰ ਨੂੰ ਸੱਦਿਆ ਤੇ ਆਦੇਸ਼ ਦਿੱਤਾ ਕਿ ਕੋਈ ਵੀ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਨਾ ਹੀ ਅਫ਼ਸੋਸ ਕਰੇ ਅਤੇ ਨਾ ਹੀ ਰੋਏ ਕੁਰਲਾਏ। ਸਗੋਂ ਗੁਰੂ ਦੀ ਬਾਣੀ ਦਾ ਪਾਠ ਕਰਕੇ ਵਾਹਿਗੁਰੂ ਦਾ ਨਾਮ ਜਪੇ। ਗੁਰੂ ਜੀ ਦੀ ਇਹ ਅੰਤਮ ਸਿੱਖਿਆ ਉਨ੍ਹਾਂ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ 6 ਪੌੜੀਆਂ ਦੀ ਇੱਕ ਨਿੱਕੀ ਜਿਹੀ ਬਾਣੀ ਦੇ ਰੂਪ ਵਿੱਚ ਲਿਖੀ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿੱਚ ‘ਸੱਦ’ ਸਿਰਲੇਖ ਹੇਠ ਦਰਜ ਕੀਤਾ ਹੈ।

ਆਪ ਜੀ ਨੇ ਆਪਣੇ ਪੂਰਬਲੇ ਗੁਰੂ ਸਾਹਿਬਾਨ ਅਤੇ ਕੁਝ ਭਗਤਾਂ ਦੀਆਂ ਰਚਨਾਵਾਂ ਇਕੱਤਰ ਕੀਤੀਆਂ ਤੇ ਇਨ੍ਹਾਂ ਨੂੰ ਪੋਥੀਆਂ ਦੇ ਰੂਪ ਵਿੱਚ ਇਕੱਠਾ ਕੀਤਾ। ਇਨ੍ਹਾਂ ਪੋਥੀਆਂ ਵਿੱਚੋਂ ਦੋ ਅੱਜ ਵੀ ਉਨ੍ਹਾਂ ਦੇ ਵਾਰਸਾਂ ਕੋਲ ਹਨ। ਇਹ ਕਾਰਜ (ਗੁਰੂ) ਗ੍ਰੰਥ ਸਾਹਿਬ ਦੇ ਵਿਧੀ ਪੂਰਬਕ ਸੰਕਲਨ ਵੱਲ ਚੁਕਿਆ ਇੱਕ ਮਹੱਤਵਪੂਰਨ ਕਦਮ ਸੀ।

ਆਪ 95 ਸਾਲ ਦੀ ਉਮਰ ਪੂਰੀ ਕਰਨ ਪਿੱਛੋਂ ਆਪਣੇ ਜੁਆਈ ਜੇਠਾ ਜੀ ਨੂੰ ਗੁਰਗੱਦੀ ਸੌਂਪ ਕੇ ਭਾਦੋਂ ਸੁਦੀ 15, 1631 ਬਿਕਰਮੀ(1 ਸਤੰਬਰ 1574 ਈ.) ਜੋਤੀ ਜੋਤ ਸਮਾ ਗਏ। ਭਾਈ ਜੇਠਾ ਜੀ ਸਿੱਖਾਂ ਦੇ ਚੌਥੇ ਗੁਰੂ, ਗੁਰੂ ਰਾਮਦਾਸ ਜੀ ਬਣੇ।

ਸਹਾਇਕ ਪੁਸਤਕਾਂ

ਸਾਹਿਬ ਸਿੰਘ, ਪ੍ਰੋਫ਼ੈਸਰ, ਗੁਰ-ਇਤਿਹਾਸ, ਪਾਤਸ਼ਾਹੀ 2 ਤੋਂ 9 ,ਸਿੰਘ ਬ੍ਰਦਰਜ਼, ਅੰਮ੍ਰਿਤਸਰ, 2018

ਸੁਖਦਿਆਲ ਸਿੰਘ (ਡਾ.) ,ਪੰਜਾਬ ਦਾ ਇਤਿਹਾਸ(ਗੁਰੁ ਕਾਲ :1469-1708),(ਜਿਲਦ ਪੰਜਵੀਂ), ਪੰਜਾਬੀ

ਯੂਨੀਵਰਸਿਟੀ ਪਟਿਆਲਾ 2012

ਜੋਧ ਸਿੰਘ ਡਾ., ਸਿੱਖ ਧਰਮ ਵਿਸ਼ਵ ਕੋਸ਼ (ਪਹਿਲੀ ਸੈਂਚੀ), ਪੰਜਾਬੀ ਯੂਨੀਵਰਸਿਟੀ ਪਟਿਆਲਾ 2008

ਪਦਮ ਪਿਆਰਾ ਸਿੰਘ, ਸੰਖੇਪ ਸਿੱਖ ਇਤਿਹਾਸ, ਸਿੰਘ ਬਦਰਜ਼, ਅੰਮ੍ਰਿਤਸਰ 2014,

ਮੈਕਾਲਿਫ਼, ਮੈਕਸ ਅਰਥਰ, ਅਨੁਵਾਦਕ ਅਜੈਬ ਸਿੰਘ, ਸੋਧਕ ਡਾ. ਜੀ ਐਸ ਔਲਖ ,ਸਿੱਖ ਇਤਿਹਾਸ, ਭਾਗ 1-2,

ਲਾਹੌਰ ਬੁਕ ਸ਼ਾਪ, ਲੁਧਿਆਣਾ, 2014

Charanjit Singh Gumtala

ਡਾ. ਚਰਨਜੀਤ ਸਿੰਘ ਗੁਮਟਾਲਾ

ਹੋਰ ਪੜ੍ਹੋ :

ਸਰਹਿੰਦ ਫਤਿਹ ਦਿਹਾੜੇ ‘ਤੇ ਵਿਸ਼ੇਸ਼ – ਬਾਬਾ ਬੰਦਾ ਸਿੰਘ ਬਹਾਦੁਰ (BABA BANDA SINGH BAHADUR) ਨੇ ਜਦੋਂ ਖ਼ਾਲਸਾ ਰਾਜ ਦੀ ਨੀਂਹ ਰੱਖੀ

Leave a Comment