ਮੈਲਬਰਨ: ਕਿਸੇ ਸਮੇਂ ਖੁੱਲ੍ਹੇ-ਡੁੱਲ੍ਹੇ ਘਰ ’ਚ ਰਹਿਣ ਵਾਲੇ ਕੇਸਰ ਅਤੇ ਉਸ ਦੇ ਭਰਾ ਦੀਆਂ ਮੁਸੀਬਤਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਆਪਣੇ ਪਿਤਾ ਯਾਦਵਿੰਦਰ ਸਿੰਘ ਵੱਲੋਂ ਆਪਣੀ ਮਾਂ ਦੇ ਕਥਿਤ ਕਤਲ ਤੋਂ ਬਾਅਦ ਅਨਾਥ ਹੋਏ ਕੇਸਰ ਅਤੇ ਉਸ ਦੇ ਭਰਾ ਨੂੰ ਪਿਛਲੇ ਦਿਨੀਂ ਇੱਕ ਹੋਰ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਖ਼ਾਲੀ ਪਏ ਘਰ ਵਿੱਚ ਚੋਰੀ ਹੋ ਗਈ। ਯਾਦਵਿੰਦਰ ਸਿੰਘ ਇਸ ਸਮੇਂ ਜੇਲ੍ਹ ’ਚ ਹੈ ਅਤੇ ਅਦਾਲਤ ’ਚ ਕੇਸ ਦੀ ਸੁਣਵਾਈ ਦੀ ਉਡੀਕ ਕਰ ਰਿਹਾ ਹੈ। ਦੋਵੇਂ ਭੈਣ-ਭਰਾ ਆਪਣੀ ਮਾਂ ਦੀ ਮੌਤ ਕਾਰਨ ਇਕੱਲੇ ਹੋਣ ਤੋਂ ਬਾਅਦ ਕੁਈਨਜ਼ਲੈਂਡ ਵਿੱਚ ਆਪਣੇ ਖੇਤ ਤੋਂ ਸਿਡਨੀ ’ਚ ਆਪਣੀ ਮਾਸੀ ਸਿਮਰਨ ਸਰਦਾਰ ਕੋਲ ਰਹਿਣ ਲਈ ਚਲੇ ਗਏ ਸਨ।
ਪਿਛਲੇ ਦਿਨੀਂ ਉਹ ਆਪਣਾ ਕੁੱਝ ਸਾਮਾਨ ਲੈਣ ਲਈ ਕੁਈਨਜ਼ਲੈਂਡ ਦੇ ਲੋਗਨ ਨੇੜੇ ਵੁੱਡਹਿੱਲ ਵਿਖੇ ਆਪਣੇ ਘਰ ਪੁੱਜੇ ਤਾਂ ਉਨ੍ਹਾਂ ਨੂੰ ਇਹ ਵੇਖ ਕੇ ਹੈਰਾਨੀ ਦੀ ਹੱਦ ਨਹੀਂ ਰਹੀ ਕਿ ਉਨ੍ਹਾਂ ਦੇ ਘਰ ’ਚੋਂ ਜ਼ਿਆਦਾਤਰ ਸਾਮਾਨ ਲੁੱਟ ਲਿਆ ਗਿਆ ਸੀ। ਇਕ 30 ਸਾਲ ਦੇ ਵਿਅਕਤੀ ’ਤੇ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਪਰ ਗੱਡੀਆਂ ਸਮੇਤ ਚੋਰੀ ਕੀਤੀਆਂ ਜ਼ਿਆਦਾਤਰ ਚੀਜ਼ਾਂ ਗਾਇਬ ਹਨ। ਚੋਰੀ ਦੀ ਘਟਨਾ ਉਦੋਂ ਵਾਪਰੀ ਜਦੋਂ ਪੁਲਿਸ ਵੱਲੋਂ ਮੌਕੇ ’ਤੇ ਕਤਲ ਕੇਸ ਦੀ ਜਾਂਚ ਪੂਰੀ ਕਰਨ ਤੋਂ ਬਾਅਦ ਪ੍ਰਾਪਰਟੀ ਸੁੰਨਸਾਨ ਪਈ ਸੀ। ਇਸ ਚੋਰੀ ਦੇ ਨਤੀਜੇ ਵਜੋਂ ਪਰਿਵਾਰ ਨੂੰ ਲਗਭਗ 200,000 ਡਾਲਰ ਦਾ ਨੁਕਸਾਨ ਹੋਇਆ। ਚੋਰੀ ਕੀਤੇ ਸਾਮਾਨ ’ਚ ਨਵੀਂ ਵਾਸ਼ਿੰਗ ਮਸ਼ੀਨ ਅਤੇ ਡਰਾਇਅਰ, ਏਅਰ ਫ਼ਰਾਇਅਰ, ਪ੍ਰਿੰਟਰ, ਡਰਿੱਲ ਸੈੱਟ ਅਤੇ ਐਂਗਰ ਡਰਾਈਂਡਰ, ਇੱਕ ਜੀਪ, ਟਰੈਕਟਰ ਅਤੇ ਟਰੇਲਰ ਸ਼ਾਮਲ ਹਨ। ਇਸ ਤੋਂ ਇਲਾਵਾ ਕੇਸਰ ਨੇ ਮੀਡੀਆ ਨਾਲ ਗੱਲਬਾਤ ’ਚ ਦੱਸਿਆ ਕਿ ਉਸ ਨੂੰ ‘ਜੋ ਵੀ ਚੀਜ਼ਾਂ ਪਿਆਰੀਆਂ ਸਨ ਸਭ ਲੁੱਟ ਲਈਆਂ ਗਈਆਂ।’
ਪਰਿਵਾਰ ਦੀ ਮਦਦ ਅਤੇ ਬੱਚਿਆਂ ਦੀ ਸਿੱਖਿਆ ਲਈ ਫੰਡ ਦੇਣ ਲਈ ਇੱਕ ਕ੍ਰਾਊਡਫੰਡਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕੇਸਰ ਦੀ ਮਾਸੀ ਸਿਮਰਨ ਸਰਦਾਰ, ਜਿਸ ਦੇ ਆਪਣੇ ਤਿੰਨ ਬੱਚੇ ਹਨ, ਨੇ ਕੇਸਰ ਅਤੇ ਉਸ ਦੇ ਭਰਾ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਇਸ ਚੁਣੌਤੀਪੂਰਨ ਸਮੇਂ ਵਿੱਚ ਕਿਸੇ ਵੀ ਸਹਾਇਤਾ ਲਈ ਧੰਨਵਾਦ ਕੀਤਾ।
ਸਬੰਧਤ ਖ਼ਬਰ : ਪੰਜਾਬੀ ਮੂਲ ਦਾ ਵਿਅਕਤੀ ਪਤਨੀ ਨੂੰ ਟਰੈਕਟਰ ਹੇਠ ਦਰੜ ਕੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ – Sea7 Australia