ਮੈਲਬਰਨ: ਕੁਈਨਜ਼ਲੈਂਡ ’ਚ ਇੱਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੋਲਡ ਕੋਸਟ ਦੇ ਪੱਛਮ ’ਚ ਸਥਿਤ ਵੁੱਡਹਿੱਲ ਪਿੰਡ ਦੀ ਇੱਕ ਪ੍ਰਾਪਰਟੀ ’ਤੇ ਜਦੋਂ ਸਵੇਰੇ 9:30 ਵਜੇ ਪੁਲਿਸ ਪੁੱਜੀ ਤਾਂ ਉਨ੍ਹਾਂ ਨੂੰ 41 ਸਾਲਾਂ ਦੀ ਅਮਰਜੀਤ ਕੌਰ ਦੀ ਲਾਸ਼ ਟਰੈਕਟਰ ਹੇਠਾਂ ਮਿਲੀ। ਇਹ ਛੋਟਾ ਪਿੰਡ ਜਿੰਬੂੰਬਾ ਅਤੇ ਬੋਡੈਜ਼ਰਟ ਵਿਚਕਾਰ ਸਥਿਤ ਹੈ ਅਤੇ ਇਸ ’ਚ 720 ਲੋਕ ਰਹਿੰਦੇ ਹਨ। ਦੋਹਾਂ ਦੇ ਵਿਆਹ ਤੋਂ ਦੋ ਬੱਚੇ ਹਨ।
44 ਸਾਲਾਂ ਦੇ ਯਾਦਵਿੰਦਰ ਸਿੰਘ ’ਤੇ ਘਰੇਲੂ ਹਿੰਸਾ, ਕਤਲ ਅਤੇ ਲਾਸ਼ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਗਿਆ ਹੈ। ਕਤਲ ਵਾਲੀ ਥਾਂ ’ਤੇ ਡਿਟੈਕਟਿਵ ਅਤੇ ਫ਼ੋਰੈਂਸਿਕ ਮਾਹਰ ਜਾਂਚ ਕਰ ਰਹੇ ਹਨ। ਪੁਲਿਸ ਅਨੁਸਾਰ ਯਾਦਵਿੰਦਰ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ ਅਤੇ ਉਸ ਨੇ ਖ਼ੁਦ ਹੀ ਪੁਲਿਸ ਨੂੰ ਫ਼ੋਨ ਕਰ ਕੇ ਆਪਣੀ ਪਤਨੀ ਦੀ ਮੌਤ ਦੀ ਸੂਚਨਾ ਦਿੱਤੀ ਸੀ। ਪੁਲਿਸ ਕਤਲ ਦਾ ਕਾਰਨ ਪਤਾ ਕਰਨ ਲਈ ਉਸ ਦੇ ਫ਼ੋਨ ’ਤੇ ਹੋਈ ਰਿਕਾਰਡਿੰਗ ਜਾਂਚ ਕਰ ਰਹੀ ਹੈ। ਯਾਦਵਿੰਦਰ ਸਿੰਘ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿਸ ਨੇ ਉਸ ਨੂੰ 5 ਜੂਨ ਤਕ ਹਿਰਾਸਤ ’ਚ ਭੇਜ ਦਿੱਤਾ ਹੈ। ਯਾਦਵਿੰਦਰ ਸਿੰਘ ਪੰਜਾਬ ’ਚ ਅੰਮ੍ਰਿਤਸਰ ਦੇ ਪਿੰਡ ਖੱਬੇ ਰਾਜਪੂਤਾਨ ਨਾਲ ਸਬੰਧਤ ਹੈ।