- ਦੇਸ਼ ਦੇ ਨਾਮ ਯੂ-ਟਿਊਬ ਵੀਡੀਓ ’ਚ ਆਪਣੀ ਇਮੀਗ੍ਰੇਸ਼ਨ ਨੀਤੀ ਦੀਆਂ ‘ਗਲਤੀਆਂ’ ਨੂੰ ਮਨਜ਼ੂਰ ਕੀਤਾ, ਕਿਹਾ, ‘ਹੁਣ ਸੁਧਾਰ ਕਰਨ ਦਾ ਵੇਲਾ ਹੈ’
- ‘ਜਾਅਲੀ ਕਾਲਜ’ ਅਤੇ ਵੱਡੀਆਂ ਕਾਰਪੋਰੇਸ਼ਨਾਂ ’ਤੇ ਨਾਜਾਇਜ਼ ਫ਼ਾਇਦਾ ਲੈਣ ਦਾ ਦੋਸ਼ ਲਾਇਆ
ਔਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ‘ਗਲਤੀਆਂ’ ਕੀਤੀਆਂ, ਜਿਸ ਕਾਰਨ ‘ਜਾਅਲੀ ਕਾਲਜਾਂ’ ਅਤੇ ਵੱਡੀਆਂ ਕਾਰਪੋਰੇਸ਼ਨਾਂ ਵਰਗੇ ‘ਮਾੜੇ ਅਨਸਰ’ ਆਪਣੇ ਨਿੱਜੀ ਹਿੱਤਾਂ ਲਈ ਸਿਸਟਮ ਦਾ ਸ਼ੋਸ਼ਣ ਕਰ ਰਹੇ ਹਨ।
Trudeau ਨੇ ਪਿੱਛਲੇ ਦਿਨੀਂ ਆਪਣੇ ਯੂ-ਟਿਊਬ ਚੈਨਲ ’ਤੇ ਪੋਸਟ ਕੀਤੇ ਇਕ ਵੀਡੀਓ ਸੰਦੇਸ਼ ’ਚ ਕਿਹਾ, ‘‘ਪਿਛਲੇ ਦੋ ਸਾਲਾਂ ’ਚ ਸਾਡੀ ਆਬਾਦੀ ਤੇਜ਼ੀ ਨਾਲ ਵਧੀ ਹੈ। ਜਾਅਲੀ ਕਾਲਜਾਂ ਅਤੇ ਵੱਡੀਆਂ ਚੇਨ ਕਾਰਪੋਰੇਸ਼ਨਾਂ ਵਰਗੇ ਮਾੜੇ ਅਨਸਰ ਆਪਣੇ ਹਿੱਤਾਂ ਲਈ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਸ਼ੋਸ਼ਣ ਕਰ ਰਹੇ ਹਨ। ਇਸ ਨਾਲ ਨਜਿੱਠਣ ਲਈ ਅਸੀਂ ਅਗਲੇ ਤਿੰਨ ਸਾਲਾਂ ਲਈ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਘਟਾ ਰਹੇ ਹਾਂ।’’ ਉਨ੍ਹਾਂ ਨੇ ਆਪਣੀ ਸਰਕਾਰ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ, ‘‘ਅਸੀਂ ਕੁਝ ਗਲਤੀਆਂ ਕੀਤੀਆਂ ਹਨ ਅਤੇ ਇਸ ਲਈ ਅਸੀਂ ਇਹ ਵੱਡਾ ਮੋੜ ਲੈ ਰਹੇ ਹਾਂ।’’
Trudeau ਦਾ ਇਹ ਬਿਆਨ ਕੈਨੇਡਾ ’ਚ 2025 ‘ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਦੀ ਪ੍ਰਸਿੱਧੀ ’ਚ ਗਿਰਾਵਟ ਦੇ ਵਿਚਕਾਰ ਆਇਆ ਹੈ। ਉਨ੍ਹਾਂ ਵੀਡੀਓ ’ਚ ਕੈਨੇਡਾ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਅਗਲੇ ਤਿੰਨ ਸਾਲਾਂ ’ਚ ਦੇਸ਼ ਅੰਦਰ ਮਕਾਨਾਂ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ।