ਵਿਦਿਆਰਥੀਆਂ ਦੇ ਕਰਜ਼ੇ ਹੋਣਗੇ ਘੱਟ! ਜਾਣੋ ਸਟੂਡੈਂਟ ਲੋਨ ਬਾਰੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ

ਮੈਲਬਰਨ: ਰਹਿਣ-ਸਹਿਣ ਦੀ ਲਾਗਤ ਦੇ ਦਬਾਅ ਨੂੰ ਥੋੜ੍ਹਾ ਘੱਟ ਕਰਨ ਲਈ ਆਸਟ੍ਰੇਲੀਆ ਸਰਕਾਰ ਨੇ ਫੈਡਰਲ ਬਜਟ ’ਚ 30 ਲੱਖ ਤੋਂ ਵੱਧ ਆਸਟ੍ਰੇਲੀਆਈ ਲੋਕਾਂ ਲਈ ਵਿਦਿਆਰਥੀਆਂ ਦੇ ਕਰਜ਼ੇ ਨੂੰ ਘਟਾਉਣ ਦਾ ਐਲਾਨ ਕੀਤਾ ਹੈ। ਸਿੱਖਿਆ ਮੰਤਰੀ ਜੇਸਨ ਕਲੇਅਰ ਵੱਲੋਂ ਐਲਾਨੇ ਗਏ ਇਸ ਕਦਮ ਨਾਲ ਉੱਚ ਸਿੱਖਿਆ ਕਰਜ਼ਿਆਂ ਵਿੱਚ ਲਗਭਗ 3 ਅਰਬ ਡਾਲਰ ਦੀ ਕਮੀ ਆਵੇਗੀ। ਇਹ ਕਮੀ ਪਿਛਲੇ ਸਾਲ ਮਹਿੰਗਾਈ ਕਾਰਨ 7.1٪ ਕਰਜ਼ੇ ਵਿੱਚ ਵਾਧੇ ਦੇ ਜਵਾਬ ਵਿੱਚ ਹੈ। ਇਹ ਰਾਹਤ 1 ਜੂਨ, 2023 ਤੱਕ ਮੌਜੂਦ ਸਾਰੇ HELP, VET ਸਟੂਡੈਂਟ ਲੋਨ, ਆਸਟ੍ਰੇਲੀਆਈ ਅਪ੍ਰੈਂਟਿਸਸ਼ਿਪ ਸਪੋਰਟ ਲੋਨ ਅਤੇ ਹੋਰ ਸਟੂਡੈਂਟ ਸਹਾਇਤਾ ਲੋਨ ਖਾਤਿਆਂ ‘ਤੇ ਲਾਗੂ ਕੀਤੀ ਜਾਵੇਗੀ। ਇਸ ਨਾਲ ਔਸਤਨ 26,500 ਡਾਲਰ ਦੇ HELP ਕਰਜ਼ੇ ਵਿੱਚ ਲਗਭਗ 1200 ਡਾਲਰ ਦੀ ਕਮੀ ਆਉਣ ਦੀ ਉਮੀਦ ਹੈ। ਸਰਕਾਰ ਨੇ ਵਿਦਿਆਰਥੀ ਕਰਜ਼ੇ ਲਈ HELP ਇੰਡੈਕਸੇਸ਼ਨ ਦਰ ਨੂੰ Consumer Price Index (CPI) ਜਾਂ Wage Price Index (WPI) ਤੋਂ ਘੱਟ ਕਰਨ ਦੀ ਵੀ ਯੋਜਨਾ ਬਣਾਈ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇੰਡੈਕਸ ਔਸਤ ਤਨਖਾਹ ਤੋਂ ਵੱਧ ਨਾ ਹੋਵੇ।

Leave a Comment