ਮੈਲਬਰਨ ’ਚ ਨਵਜੀਤ ਸੰਧੂ ਦਾ ਹਮਵਤਨਾਂ ਵੱਲੋਂ ਹੀ ਚਾਕੂ ਮਾਰ ਕੇ ਕਤਲ

ਮੈਲਬਰਨ: ਮੈਲਬਰਨ ‘ਚ M.Tech. ਦੀ ਪੜ੍ਹਾਈ ਕਰ ਰਹੇ ਇੱਕ ਭਾਰਤੀ ਨੌਜੁਆਨ ਦਾ ਉਸ ਦੇ ਹਮਵਤਨ ਨੌਜੁਆਨਾਂ ਨੇ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ’ਚ ਸਥਿਤ ਪਿੰਡ ਗੈਗਸੀਨਾ ਤੋਂ ਆਏ ਨਵਜੀਤ ਸੰਧੂ ਦਾ ਸ਼ਨੀਵਾਰ ਰਾਤ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਭਾਰਤ ਸਥਿਤ ਉਸ ਦੇ ਪਰਿਵਾਰ ਨੇ ਘਰੌਂਡਾ ਦੇ ਬਸਤਾੜਾ ਪਿੰਡ ਦੇ ਰਹਿਣ ਵਾਲੇ ਦੋ ਨੌਜਵਾਨਾਂ ‘ਤੇ ਕਤਲ ਦਾ ਦੋਸ਼ ਲਗਾਇਆ ਹੈ।

ਮ੍ਰਿਤਕ ਨੌਜਵਾਨ ਦੇ ਪਿਤਾ ਜਤਿੰਦਰ ਸੰਧੂ ਨੇ ਦੱਸਿਆ ਕਿ ਉਨ੍ਹਾਂ ਦਾ 22 ਸਾਲਾ ਬੇਟਾ ਨਵਜੀਤ ਸਿੰਘ ਸੰਧੂ ਨਵੰਬਰ 2022 ‘ਚ ਸਟੱਡੀ ਵੀਜ਼ੇ ‘ਤੇ ਆਸਟ੍ਰੇਲੀਆ ਗਿਆ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਦਾ ਸੀ ਅਤੇ ਬਿਜਨਾ ਪਿੰਡ ਦੇ ਦੋ ਨੌਜੁਆਨਾਂ ਨਾਲ ਉਸ ਦੀ ਦੋਸਤੀ ਸੀ। ਬਸਤਾੜਾ ਅਤੇ ਬਿਜਨਾ ਪਿੰਡਾਂ ਦੇ ਚਾਰ ਨੌਜਵਾਨ ਇੱਕ ਕਮਰੇ ਵਿੱਚ ਰਹਿੰਦੇ ਸਨ। ਆਪਸ ਵਿੱਚ ਝਗੜੇ ਤੋਂ ਬਾਅਦ ਬਿਜਨਾ ਦੇ ਦੋਵੇਂ ਨੌਜਵਾਨ ਸਵਰਨਾ ਅਤੇ ਰਿਸ਼ਭ ਨਵਜੀਤ ਦੇ ਕਮਰੇ ’ਚ ਆ ਗਏ। ਸ਼ਨੀਵਾਰ ਰਾਤ ਨੂੰ ਖਾਣਾ ਖਾਣ ਦੌਰਾਨ ਬਸਤਾੜਾ ਪਿੰਡ ਦੇ ਇਕ ਨੌਜਵਾਨ ਨੂੰ ਫੋਨ ਆਇਆ ਕਿ ਉਹ ਆਪਣਾ ਸਾਮਾਨ ਚੁੱਕ ਲਵੇ। ਇਸ ਤੋਂ ਬਾਅਦ ਦੋਵੇਂ ਨਵਜੀਤ ਦੀ ਕਾਰ ‘ਚ ਉੱਥੇ ਗਏ।

ਇਸ ਦੌਰਾਨ ਉਨ੍ਹਾਂ ਦਾ ਝਗੜਾ ਹੋ ਗਿਆ। ਜਦੋਂ ਨਵਜੀਤ ਸਿੰਘ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਬਸਤਾੜਾ ਪਿੰਡ ਦੇ ਦੋ ਭਰਾਵਾਂ ਨੇ ਚਾਕੂ ਨਾਲ ਉਸ ਦੀ ਛਾਤੀ ‘ਤੇ ਤਿੰਨ ਵਾਰੀ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਦੋਵੇਂ ਮੁਲਜ਼ਮ ਭਰਾ ਫ਼ਰਾਰ ਦੱਸੇ ਜਾ ਰਹੇ ਹਨ। ਨਵਜੀਤ ਦੀ ਮੌਤ ਦੀ ਖ਼ਬਰ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰਕ ਮੈਂਬਰ ਰੋਣ ਦੀ ਹਾਲਤ ਵਿੱਚ ਹਨ। ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਨਵਜੀਤ ਦੀ ਲਾਸ਼ ਨੂੰ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ।

Leave a Comment