ਮੈਲਬਰਨ: ਆਸਟ੍ਰੇਲੀਆ ’ਚ ਡੁੱਬਣ ਕਾਰਨ ਮਾਰੇ ਗਏ ਇੱਕ ਭਾਰਤੀ ਮੂਲ ਦੇ ਵਿਦਿਆਰਥੀ ਦੇ ਰਿਸ਼ਤੇਦਾਰਾਂ ਦਾ ਦੁੱਖ ਉਦੋਂ ਹੋਰ ਵੀ ਵਧ ਗਿਆ ਜਦੋਂ ਏਅਰਪੋਰਟ ਅਥਾਰਟੀ ਨੇ ਉਸ ਦੀ ਲਾਸ਼ ਪਰਵਾਰ ਨੂੰ ਸੌਂਪਣ ਦੀ ਬਜਾਏ ਗ਼ਲਤ ਥਾਂ ਪਹੁੰਚਾ ਦਿੱਤੀ। ਆਸਟ੍ਰੇਲੀਆ ਤੋਂ ਅਹਿਮਦਾਬਾਦ ਪਹੁੰਚੀ ਲਾਸ਼ ਦੀ ਗਲਤ ਡਿਲੀਵਰੀ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਦਰਅਸਲ ਗੁਜਰਾਤ ਦੇ ਸੁਰੇਂਦਰਨਗਰ ਦੇ ਰਹਿਣ ਵਾਲੇ ਜ਼ੀਲ ਖੋਖਰਾ ਦੀ 17 ਮਾਰਚ ਨੂੰ ਆਸਟ੍ਰੇਲੀਆ ਦੇ ਮੈਲਬਰਨ ‘ਚ ਅਪੋਲੋ ਬੇਅ ਨੇੜੇ ਡੁੱਬਣ ਕਾਰਨ ਮੌਤ ਹੋ ਗਈ ਸੀ। ਸਿਰਫ 10 ਮਹੀਨੇ ਪਹਿਲਾਂ ਆਸਟ੍ਰੇਲੀਆ ’ਚ ਆਇਆ ਜ਼ੀਲ ਖੋਖਰਾ ਲਾ ਟਰੋਬ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ। ਜ਼ੀਲ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ‘ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ।
ਉਸ ਦੀ ਲਾਸ਼ ਨੂੰ ਏਅਰ ਇੰਡੀਆ ਦੀ ਕਾਰਗੋ ਉਡਾਣ ਰਾਹੀਂ ਅਹਿਮਦਾਬਾਦ ਲਿਆਂਦਾ ਗਿਆ ਸੀ। ਲਾਸ਼ ਆਸਟ੍ਰੇਲੀਆ ਤੋਂ ਸੁਰੱਖਿਅਤ ਅਹਿਮਦਾਬਾਦ ਪਹੁੰਚੀ, ਪਰ ਤਾਬੂਤ ਪਰਵਾਰ ਨੂੰ ਸੌਂਪਣ ਦੀ ਬਜਾਏ ਕਿਤੇ ਹੋਰ ਪਹੁੰਚਾ ਦਿੱਤਾ ਗਿਆ। ਜਦੋਂ ਰਿਸ਼ਤੇਦਾਰਾਂ ਨੂੰ ਸਹੀ ਸਮੇਂ ‘ਤੇ ਲਾਸ਼ ਨਹੀਂ ਮਿਲੀ ਤਾਂ ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰ ਨੇ ਇਸ ਦੀ ਸ਼ਿਕਾਇਤ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਕੀਤੀ। ਸ਼ਿਕਾਇਤ ਤੋਂ ਬਾਅਦ ਅਹਿਮਦਾਬਾਦ ਹਵਾਈ ਅੱਡੇ ਨੂੰ ਲਾਪਰਵਾਹੀ ਵਰਤਣ ਲਈ ਫਟਕਾਰ ਲਗਾਈ ਗਈ ਜਿਸ ਤੋਂ ਬਾਅਦ ਅਹਿਮਦਾਬਾਦ ਹਵਾਈ ਅੱਡਾ ਅਥਾਰਟੀ ਨੇ ਇਸ ਦੀ ਜਾਂਚ ਕਰਵਾਈ। CCTV ਖੰਗਾਲਣ ’ਤੇ ਪਤਾ ਲੱਗਾ ਕਿ ਜਿਸ ਡੱਬੇ ਵਿੱਚ ਲਾਸ਼ ਲਿਆਂਦੀ ਗਈ ਸੀ, ਉਸ ਨੂੰ ਗਲਤੀ ਨਾਲ ਸਪੇਅਰ ਪਾਰਟਸ ਸਮਝ ਕੇ ਮੁੰਬਈ ਦੀ ਇਕ ਕੰਪਨੀ ਦੇ ਵਿਅਕਤੀ ਨੂੰ ਸੌਂਪ ਦਿਤਾ ਗਿਆ ਸੀ। ਹਾਲਾਂਕਿ ਬਾਅਦ ‘ਚ ਮ੍ਰਿਤਕ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਜੋ ਉਸ ਨੂੰ ਅੰਤਮ ਸੰਸਕਾਰ ਲਈ ਸੁਰੇਂਦਰਨਗਰ ਲੈ ਗਏ।
ਇਹ ਹਾਦਸਾ ਮੈਲਬਰਨ ਦੇ ਅਪੋਲੋ ਬੇਅ ਨਜਦੀਕ ਉਸ ਵੇਲੇ ਵਾਪਰਿਆ ਸੀ ਜਦੋਂ ਜ਼ੀਲ ਆਪਣੇ ਕਜ਼ਨ ਜਿਗਨੇਸ਼ ਤੇ ਆਪਣੇ ਭਰਾ ਨਾਲ ਤੈਰਾਕੀ ਕਰਨ ਗਿਆ ਸੀ। ਮੌਕੇ ‘ਤੇ ਮੌਜੂਦ ਇੱਕ ਨੌਜਵਾਨ ਮੁਟਿਆਰ ਵਲੋਂ ਤਿੰਨਾਂ ਨੂੰ ਪਾਣੀ ਵਿੱਚੋਂ ਕੱਢ ਤਾਂ ਲਿਆ ਗਿਆ ਸੀ, ਪਰ ਤਿੰਨਾਂ ਦੀ ਹਾਲਤ ਬਹੁਤ ਨਾਜ਼ੁਕ ਸੀ, ਜ਼ੀਲ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਬਾਕੀ ਦੋਨੋਂ ਅਜੇ ਵੀ ਹਸਪਤਾਲ ’ਚ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ : ਵਿਕਟੋਰੀਆ ’ਚ ਡੁੱਬਣ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ, ਨੌਜੁਆਨ ਔਰਤ ਦੀ ਬਦੌਲਤ ਦੋ ਹੋਰਾਂ ਦੀ ਬਚੀ ਜਾਨ – Sea7 Australia