ਮੈਲਬਰਨ: ਆਸਟ੍ਰੇਲੀਆਈ ਟੈਕਸੇਸ਼ਨ ਆਫਿਸ (ATO) ਨੇ ਜਾਅਲੀ GST ਰਿਫੰਡ ਨਾਲ ਜੁੜੇ 2 ਅਰਬ ਡਾਲਰ ਦੇ ਸੋਸ਼ਲ ਮੀਡੀਆ ਘਪਲੇ ’ਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਆਪਣੇ 150 ਕਰਮਚਾਰੀਆਂ ਦੀ ਜਾਂਚ ਸ਼ੁਰੂ ਕੀਤੀ ਹੈ। ਇਸ ਘਪਲੇ ਦਾ ਪਰਦਾਫਾਸ਼ ਆਪਰੇਸ਼ਨ ਪ੍ਰੋਟੇਗੋ ਦੌਰਾਨ ਹੋਇਆ ਸੀ, ਜਿਸ ਦੀ ਸਥਾਪਨਾ ਰਿਫੰਡ ਧੋਖਾਧੜੀ ਅਤੇ GST ਰਜਿਸਟ੍ਰੇਸ਼ਨ ਵਿੱਚ ਵਾਧਾ ਵੇਖੇ ਜਾਣ ਤੋਂ ਬਾਅਦ ਕੀਤੀ ਗਈ ਸੀ। ਜਿਨ੍ਹਾਂ ‘ਤੇ ਝੂਠੇ GST ਰਿਫੰਡ ਦਾ ਦਾਅਵਾ ਕਰਨ ਦਾ ਸ਼ੱਕ ਹੈ, ਉਨ੍ਹਾਂ ਨੇ 38,900 ਡਾਲਰ ਤੋਂ 24 ਲੱਖ ਡਾਲਰ ਦੇ ਵਿਚਕਾਰ ਰਕਮ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਤੋਂ ਆਪਰੇਸ਼ਨ ਸ਼ੁਰੂ ਹੋਇਆ ਹੈ, 2 ਅਰਬ ਡਾਲਰ ਤੋਂ ਵੱਧ ਪ੍ਰਾਪਤ ਕੀਤੇ ਗਏ ਹਨ ਅਤੇ ਹੋਰ 2.7 ਅਰਬ ਡਾਲਰ ਦਾ ਟ੍ਰਾਂਸਫਰ ਰੋਕ ਦਿੱਤਾ ਗਿਆ। ਅਗਸਤ 2023 ਤੱਕ, 100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ ਅਤੇ 16 ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਹ ਅਨੁਮਾਨ ਲਗਾਇਆ ਗਿਆ ਹੈ ਕਿ 57,000 ਤੋਂ ਵੱਧ ਲੋਕਾਂ ਨੇ ਝੂਠੇ ਰਿਫੰਡ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ। ATO ਨੇ ਦੋਸ਼ੀਆਂ ਵਿਰੁਧ ਨੌਕਰੀ ਤੋਂ ਕੱਢਣ ਅਤੇ ਅਪਰਾਧਿਕ ਜਾਂਚ ਸਮੇਤ ਵੱਖ-ਵੱਖ ਰਣਨੀਤੀਆਂ ਲਾਗੂ ਕੀਤੀਆਂ ਹਨ। ਧੋਖਾਧੜੀ ਸਕੀਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ 12 ਕਰੋੜ ਡਾਲਰ ਤੋਂ ਵੱਧ ਦਾ ਵਿੱਤੀ ਜੁਰਮਾਨਾ ਜਾਰੀ ਕੀਤਾ ਗਿਆ ਹੈ।