ਮੈਲਬਰਨ: ਆਸਟ੍ਰੇਲੀਆ ’ਚ ਕਾਰ ਚੋਰੀ ਕਰਨ ਦੇ ਮਕਸਦ ਨਾਲ ਇੱਕ ਬਜ਼ੁਰਗ ਔਰਤ ਦਾ ਕਤਲ ਕਰਨ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ’ਚ ਕੁਲ ਪੰਜ ਨਾਬਾਲਗਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ’ਚੋਂ ਇੱਕ ’ਤੇ ਕਤਲ ਦਾ ਦੋਸ਼ ਲਾ ਕੇ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। 70 ਸਾਲਾਂ ਦੀ ਵਾਇਲਿਨ ਵਾਇਟ ਨੂੰ ਬ੍ਰਿਸਬੇਨ ਨੇੜੇ ਪੈਂਦੇ ਇਸਪਵਿਚ ’ਚ ਸਥਿਤ ਟਾਊਨ ਸੁਕੇਅਰ ਰੈਡਬੈਂਕ ਪਲੇਨਸ ਸ਼ਾਪਿੰਗ ਸੈਂਟਰ ਦੇ ਕਾਰ ਪਾਰਕ ’ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਕਾਰ ਨੂੰ ਚੋਰੀ ਕਰ ਲਿਆ ਗਿਆ ਸੀ ਜੋ ਕਿ ਸਥਾਨ ਤੋਂ 20 ਕੁ ਮਿੰਟ ਦੇ ਸਫ਼ਰ ਦੀ ਦੂਰੀ ’ਤੇ ਪਈ ਮਿਲੀ। ਪੁਲਿਸ ਨੇ ਸਭ ਤੋਂ ਪਹਿਲਾਂ 15 ਸਾਲ ਦੇ ਇੱਕ ਅਫ਼ਰੀਕੀ ਮੂਲ ਦੇ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ, ਜਿਸ ਤੋਂ ਬਾਅਦ ਉਸ ਦੇ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ’ਚ ਹੋਰ ਗ੍ਰਿਫ਼ਤਾਰੀਆਂ ਵੀ ਹੋਣਗੀਆਂ। ਇਸ ਦੌਰਾਨ ਘਟਨਾ ਤੋਂ ਸੋਗ ’ਚ ਲੋਕਾਂ ਸ਼ਾਪਿੰਗ ਸੈਂਟਰ ਦੇ ਬਾਹਰ ਵਾਇਲਿਨ ਵਾਇਟ ਨੂੰ ਫੁੱਲ ਅਤੇ ਮੋਮਬੱਤੀਆਂ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ।