ਗੁਰਜੀਤ ਸਿੰਘ ਕਤਲ ਕੇਸ ’ਚ ਪਹਿਲੀ ਗ੍ਰਿਫ਼ਤਾਰੀ, ਹੋਰਾਂ ਦੀ ਭਾਲ ਜਾਰੀ, ਨਿਊਜ਼ੀਲੈਂਡ ਪੁੱਜੇ ਪਿਤਾ ਨੇ ਮੰਗੇ ਸਵਾਲਾਂ ਦੇ ਜਵਾਬ

ਮੈਲਬਰਨ: ਪਿਛਲੇ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਡੁਨੇਡਿਨ ’ਚ ਆਪਣੇ ਘਰ ਬਾਹਰ ਕਤਲ ਕੀਤੇ ਗਏ ਸਿੱਖ ਨੌਜੁਆਨ ਗੁਰਜੀਤ ਸਿੰਘ ਦੇ ਕੇਸ ’ਚ ਪੁਲਿਸ ਨੂੰ ਪਹਿਲੀ ਸਫ਼ਲਤਾ ਮਿਲੀ ਹੈ। ਇੱਕ ਹਫ਼ਤੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਗੁਆਂਢੀਆਂ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਇੱਕ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 33 ਸਾਲਾਂ ਦੇ ਇਸ ਮੁਲਜ਼ਮ ਨੂੰ ਅੱਜ ਹੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ਦੀ ਪਛਾਣ ਘੱਟ ਤੋਂ ਘੱਟ ਤਿੰਨ ਹਫ਼ਤਿਆਂ ਤਕ ਗੁਪਤ ਰੱਖੀ ਜਾਵੇਗੀ।

ਡਿਟੈਕਟਿਵ ਸੀਨੀਅਰ ਸਾਰਜੈਂਟ ਕਲਮ ਕ੍ਰੋਡਿਸ ਨੇ ਕਿਹਾ ਕਿ ਜਾਂਚਕਰਤਾਵਾਂ ਦੀ ਇਕ ਵੱਡੀ ਟੀਮ ਨੇ ਇਸ ਮਾਮਲੇ ‘ਤੇ ਵਿਆਪਕ ਤੌਰ ‘ਤੇ ਕੰਮ ਕੀਤਾ ਹੈ, ਪਰ ਅਜੇ ਵੀ ਕੰਮ ਕਰਨਾ ਬਾਕੀ ਹੈ। ਕਈ ਗੱਡੀਆਂ, ਇਕ ਹੋਰ ਰਿਹਾਇਸ਼ੀ ਪ੍ਰਾਪਰਟੀ ਅਤੇ ਕੰਮ ਵਾਲੀਆਂ ਥਾਵਾਂ ਦੀ ਜਾਂਚ ਅਜੇ ਵੀ ਚੱਲ ਰਹੀ ਜਾਂਚ ਦਾ ਹਿੱਸਾ ਹਨ। ਕ੍ਰੋਡਿਸ ਨੇ ਜਾਂਚ ਵਿਚ ਮਦਦ ਲਈ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਾਣਕਾਰੀ ਅਤੇ ਸੀ.ਸੀ.ਟੀ.ਵੀ. ਫੁਟੇਜ ਨੇ ਜਾਂਚ ਵਿਚ ਬਹੁਤ ਸਹਾਇਤਾ ਕੀਤੀ।

ਗੁਰਜੀਤ ਸਿੰਘ ਦੇ ਪਿਤਾ ਨੇ ਪੁਲਿਸ ਦੇ ਕੰਮ ’ਤੇ ਤਸੱਲੀ ਪ੍ਰਗਟਾਈ

ਇਸ ਦੌਰਾਨ ਗੁਰਜੀਤ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਮ੍ਰਿਤਕ ਦੇਹ ਨੂੰ ਵਾਪਸ ਲਿਜਾਣ ਲਈ ਪੰਜਾਬ ਤੋਂ ਨਿਊਜ਼ੀਲੈਂਡ ਪੁੱਜ ਚੁੱਕੇ ਹਨ ਅਤੇ ਉਨ੍ਹਾਂ ਨੇ ਪੁਲਿਸ ਵੱਲੋਂ ਕੇਸ ਦੀ ਕੀਤੀ ਜਾ ਰਹੀ ਜਾਂਚ ’ਤੇ ਤਸੱਲੀ ਪ੍ਰਗਟ ਕੀਤੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਜਦੋਂ ਤਕ ਨਿਆਂ ਨਹੀਂ ਹੁੰਦਾ ਉਨ੍ਹਾਂ ਉਦੋਂ ਤਕ ਉਹ ਖ਼ੁਸ਼ ਨਹੀਂ ਹੋਣਗੇ ਕਿਉਂਕਿ ‘ਕਿਸੇ ਮਾਪੇ ਦਾ ਪੁੱਤਰ ਨਹੀਂ ਮਰਨਾ ਚਾਹੀਦਾ।’ ਉਨ੍ਹਾਂ ਕਿਹਾ ਕਿ ਉਹ ਇਹ ਜਾਣਨਾ ਚਾਹੁੰਦੇ ਹਨ ਕਿ ਉਸ ਦੇ ਪੁੱਤਰ ਦਾ ਕਤਲ ਕਿਉਂ ਕੀਤਾ ਗਿਆ, ਕਿਉਂਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਵੇਚ ਕੇ ਪੁੱਤਰ ਦੇ ਨਿਊਜ਼ੀਲੈਂਡ ਪਹੁੰਚਣ ਦਾ ਪ੍ਰਬੰਧ ਕੀਤਾ ਸੀ।

ਓਟੈਗੋ ਪੰਜਾਬੀ ਫ਼ਾਊਂਡੇਸ਼ਨ ਟਰੱਸਟ ਨੇ ਗੁਰਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਵਾਪਸ ਭੇਜਣ ’ਚ ਵਿੱਤੀ ਮਦਦ ਕਰਨ ਲਈ Givealittle page ਬਣਾਇਆ ਸੀ ਜਿਸ ’ਤੇ ਦੋ ਘੰਟਿਆਂ ਤਕ 6 ਹਜ਼ਾਰ ਡਾਲਰ ਇਕੱਠੇ ਹੋ ਚੁੱਕੇ ਹਨ।

Leave a Comment