ਮੈਲਬਰਨ: 67 ਸਾਲਾਂ ਦੇ ਪੰਜਾਬੀ ਸੈਲਾਨੀ ਜਵਾਹਰ ਸਿੰਘ ਨੇ ਨਿਊਜ਼ੀਲੈਂਡ ਦੇ ਨੈਲਸਨ ਦੇ ਤਾਹੁਨੂਈ ਬੀਚ ‘ਤੇ 16 ਸਾਲਾਂ ਦੀ ਇਕ ਕੁੜੀ ਨਾਲ ਛੇੜਖਾਨੀ ਕਰਨ ਦੇ ਦੋਸ਼ਾਂ ਨੂੰ ਕਬੂਲ (Punjabi Tourist pleads guilty) ਕੀਤਾ ਹੈ। ਉਹ ਉਨ੍ਹਾਂ ਤਿੰਨ ਔਰਤਾਂ ’ਚੋਂ ਇੱਕ ਹੈ ਜਿਨ੍ਹਾਂ ਨੇ ਜਵਾਹਰ ਸਿੰਘ ’ਤੇ 28 ਸਤੰਬਰ, 30 ਸਤੰਬਰ ਅਤੇ 1 ਅਕਤੂਬਰ ਨੂੰ ਛੇੜਖਾਨੀ ਦੇ ਦੋਸ਼ ਲਾਏ ਹਨ। ਟੂਰਿਸਟ ਵੀਜ਼ੇ ’ਤੇ ਦੇਸ਼ ਦਾ ਦੌਰਾ ਕਰਨ ਦੌਰਾਨ ਜਵਾਹਰ ਸਿੰਘ ਨੇ ਤਿੰਨ ਔਰਤਾਂ ਨਾਲ ਸੈਲਫੀ ਲਈ ਬੇਨਤੀ ਕੀਤੀ। ਸੈਲਾਨੀ ਸਮਝ ਕੇ ਔਰਤਾਂ ਨੂੰ ਉਸ ਦੀ ਇਹ ਬੇਨਤੀ ਨੁਕਸਾਨਦੇਹ ਜਾਪਦੀ ਸੀ, ਜਿਵੇਂ ਕਿ ਅਕਸਰ ਅਪਣੀਆਂ ਯਾਦਾਂ ਨੂੰ ਸਾਂਭਣ ਲਈ ਉਤਸੁਕ ਸੈਲਾਨੀ ਕਰਦੇ ਹਨ। ਹਾਲਾਂਕਿ, ਇਸ ਤੋਂ ਬਾਅਦ ਉਸ ਨੇ ਕਥਿਤ ਛੇੜਖਾਨੀ ਦੀਆਂ ਹਰਕਤਾਂ ਸ਼ੁਰੂ ਕਰ ਦਿਤੀਆਂ ਜਿਸ ਕਾਰਨ ਔਰਤਾਂ ਨੂੰ ਖ਼ੁਦ ਨੂੰ ਬਚਾਉਣ ਲਈ ਜਵਾਹਰ ਸਿੰਘ ਤੋਂ ਦੂਰ ਭੱਜਣਾ ਪਿਆ ਜਾਂ ਲੁਕਣਾ ਪਿਆ।
ਜਵਾਹਰ ਸਿੰਘ ਨੂੰ ਭਾਰਤ ਪਰਤਣਾ ਸੀ ਪਰ ਉਸ ਨੂੰ ਅਦਾਲਤੀ ਪ੍ਰਕਿਰਿਆ ਪੂਰੀ ਹੋਣ ਤਕ ਇੱਥੇ ਹੀ ਰਹਿਣ ਲਈ ਕਿਹਾ ਗਿਆ ਹੈ। ਉਸ ਨੇ ਅਦਾਲਤ ’ਚ ਪੇਸ਼ ਹੋਣ ਤੋਂ ਪਹਿਲਾਂ ਪਛਤਾਵੇ ਦੇ ਸੰਕੇਤ ਵਜੋਂ ਸਵੈ-ਇੱਛਾ ਨਾਲ ਭਾਈਚਾਰਕ ਕੰਮ ਕੀਤਾ ਅਤੇ ਸਲਾਹ-ਮਸ਼ਵਰਾ ਲੈਣ ਦਾ ਇਰਾਦਾ ਰੱਖਦਾ ਹੈ। ਉਸ ਨੇ ਅਦਾਲਤ ਨੂੰ ਮੁਆਫੀ ਦੀ ਚਿੱਠੀ ਵੀ ਲਿਖੀ ਹੈ ਅਤੇ ਪੀੜਤਾਂ ਨੂੰ ਭਾਵਨਾਤਮਕ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਸ ਨੂੰ 18 ਦਸੰਬਰ ਨੂੰ ਸਜ਼ਾ ਸੁਣਾਈ ਜਾਣੀ ਹੈ। ਜੱਜ ਨੇ ਉਸ ਦੇ ਪਛਤਾਵੇ ਅਤੇ ਉਸ ਦੇ ਸਵੈ-ਇੱਛਤ ਭਾਈਚਾਰਕ ਕੰਮ ਨੂੰ ਨੋਟ ਕੀਤਾ। ਜਵਾਹਰ ਸਿੰਘ ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਨਿਊਜ਼ੀਲੈਂਡ ਛੱਡ ਦੇਵੇਗਾ ਕਿਉਂਕਿ ਉਸ ਦਾ ਟੂਰਿਸਟ ਵੀਜ਼ਾ ਉਸ ਸਮੇਂ ਖਤਮ ਹੋਣ ਵਾਲਾ ਹੈ। ਜਵਾਹਰ ਸਿੰਘ ਨਿਊਜ਼ੀਲੈਂਡ ਆਪਣੇ ਇੱਕ ਰਿਸ਼ਤੇਦਾਰ ਨੂੰ ਮਿਲਣ ਆਇਆ ਸੀ। ਉਹ ਅਦਾਲਤ ’ਚ ਇੱਕ ਪਰਿਵਾਰ ਦੇ ਇੱਕ ਜੀਅ ਨਾਲ ਆਇਆ ਸੀ ਅਤੇ ਸੁਣਵਾਈ ਦੌਰਾਨ ਸਿਰ ਝੁਕਾਈ ਰਖਿਆ, ਉਸ ਨੇ ਆਪਣੀ ਗੱਲ ਕਹਿਣ ਲਈ ਦੁਭਾਸ਼ੀਏ ਦੀ ਮਦਦ ਲਈ।
ਉਸ ਵਿਰੁਧ ਇੱਕ ਔਰਤ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਉਹ ਬੀਚ ਤੋਂ ਕੂੜਾ ਇਕੱਠਾ ਕਰ ਰਹੀ ਜਦੋਂ ਇੱਕ ਸੈਲਾਨੀ ਨੇ ਕਥਿਤ ਤੌਰ ’ਤੇ ਪਹਿਲਾਂ ਉਸ ਨਾਲ ‘ਸੈਲਫੀ’ ਖਿਚਵਾਉਣ ਦੀ ਮੰਗ ਕੀਤੀ। ਜਦੋਂ ਉਹ ਰਾਜ਼ੀ ਹੋ ਗਈ ਤਾਂ ਜਵਾਹਰ ਸਿੰਘ ਨੇ ਉਸ ਜੱਫੀ ’ਚ ਘੁੱਟਣ ਚੁੰਮਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਔਰਤ ਨੂੰ ਖ਼ੁਦ ਨੂੰ ਛੁਡਾ ਕੇ ਉਸ ਤੋਂ ਦੂਰ ਭੱਜਣਾ ਪਿਆ ਅਤੇ ਨੇੜਲੀਆਂ ਝਾੜੀਆਂ ਵਿੱਚ ਲੁਕ ਕੇ ਆਪਣੀ ਇੱਜ਼ਤ ਪਈ। ਉਸ ਦਾ ਪਿੱਛਾ ਕਰਦਿਆਂ ਜਵਾਹਰ ਸਿੰਘ ਨੇ ‘ਆਈ ਲਵ ਯੂ ਕੈਲੀ’ ਚੀਕਿਆ।