ਐਡੀਲੇਡ: ਸਾਊਥ ਆਸਟਰੇਲੀਆ (SA) ਸਟੇਟ ’ਚ ਇੱਕ 53 ਵਰ੍ਹਿਆਂ ਦੇ ਪੁਲਿਸ ਅਫ਼ਸਰ ਦਾ ਇੱਕ ਪੇਂਡੂ ਇਲਾਕੇ ’ਚ ਗੋਲੀ ਮਾਰ ਕੇ ਕਤਲ (Police officer shot dead) ਕਰ ਦਿੱਤਾ ਗਿਆ। ਸ਼ੁੱਕਰਵਾਰ ਸਵੇਰੇ, SA ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਨੇ ਬ੍ਰੇਵੇਟ ਸਾਰਜੈਂਟ ਜੇਸਨ ਡੋਇਗ ਦੀ ਪਛਾਣ ਉਸ ਅਧਿਕਾਰੀ ਵਜੋਂ ਕੀਤੀ ਜੋ ਵੀਰਵਾਰ ਰਾਤ ਨੂੰ ਡਿਊਟੀ ਦੌਰਾਨ ਮਾਰਿਆ ਗਿਆ ਸੀ।
ਪੁਲਿਸ ਨੂੰ ਕਿਸੇ ਵਿਅਕਤੀ ਨੇ ਰਾਤ 11:20 ਵਜੇ ਫ਼ੋਨ ਕੀਤਾ ਸੀ ਕਿ ਐਡੀਲੇਡ ਦੇ 240 ਕਿਲੋਮੀਟਰ ਦੱਖਣ ਪੂਰਬ ’ਚ ਸਥਿਤ ਬਾਰਡਰਟਾਊਨ ’ਚ ਕਿਸੇ ਨੇ ਕੁੱਤੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ। ਇਸੇ ਘਟਨਾ ਦੀ ਤਫ਼ਤੀਸ਼ ਕਰਨ ਲਈ ਡੋਇਗ ਆਪਣੇ ਸਾਥੀਆਂ ਮਾਈਕਲ ਹਚਿਨਸਨ ਅਤੇ ਰਿਬੇਕਾਹ ਕੈਸ ਨਾਲ ਘਟਨਾ ਵਾਲੀ ਥਾਂ ’ਤੇ ਗਿਆ ਸੀ। ਵੀਰਵਾਰ ਨੂੰ ਉੱਥੇ ਉਨ੍ਹਾਂ ਦਾ ਸਾਹਮਣਾ ਇੱਕ 26 ਸਾਲ ਦੇ ਹਥਿਆਰਬੰਦ ਵਿਅਕਤੀ ਨਾਲ ਹੋਇਆ ਜਿਸ ਨੇ ਡੋਇਗ ਨੂੰ ਗੋਲੀ ਮਾਰ ਦਿੱਤੀ।
ਸਟੀਵਨਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਹਿਯੋਗੀਆਂ ਅਤੇ ਪੈਰਾਮੈਡਿਕਸ ਨੇ ਡੋਇਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੋਲੀ 59 ਸਾਲਾਂ ਦੇ ਹਚਿਨਸਨ ਨੂੰ ਵੀ ਲੱਗੀ ਸੀ। ਉਹ ਜ਼ੇਰੇ ਇਲਾਜ ਹੈ, ਪਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
26 ਸਾਲ ਦੇ ਸ਼ੱਕੀ ਵਿਅਕਤੀ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ ਅਤੇ ਉਸ ਨੂੰ ਜਾਨਲੇਵਾ ਸੱਟਾਂ ਦੇ ਇਲਾਜ ਲਈ ਸਟੇਟ ਦੀ ਰਾਜਧਾਨੀ ਐਡੀਲੇਡ ਲਿਜਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹੈ। ਸਟੀਵਨਜ਼ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਹ ਇੱਕ ਦੁਖਦਾਈ ਘਟਨਾ ਹੈ। ਮੈਂ ਜੇਸਨ ਦੇ ਪਰਿਵਾਰ ਪ੍ਰਤੀ ਆਪਣੀ ਦਿਲੀ ਸੰਵੇਦਨਾ ਹੀ ਪੇਸ਼ ਕਰ ਸਕਦਾ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਮਾਈਕਲ ਆਪਣੀਆਂ ਸੱਟਾਂ ਤੋਂ ਜਲਦੀ ਠੀਕ ਹੋ ਜਾਵੇਗਾ।’’
SA ਪੁਲਿਸ ਅਨੁਸਾਰ, 2002 ਤੋਂ ਬਾਅਦ ਡਿਊਟੀ ਦੌਰਾਨ ਇਹ ਕਿਸੇ ਅਫ਼ਸਰ ਦੀ ਪਹਿਲੀ ਮੌਤ ਹੈ। ਸਟੀਵਨਜ਼ ਨੇ ਕਿਹਾ ਕਿ ਡੋਇਗ ਨੇ 1989 ਤੋਂ SA ਪੁਲਿਸ ਵਿੱਚ ਸੇਵਾ ਕੀਤੀ ਸੀ ਅਤੇ ਉਸ ਦੀ ਮੌਤ ਦੀ ਇੱਕ ਕਮਿਸ਼ਨਰ ਦੀ ਜਾਂਚ ਦਾ ਐਲਾਨ ਕੀਤਾ ਹੈ।
ਬਾਰਡਰਟਾਊਨ ਵਿੱਚ ਸੋਗ ਦੀ ਲਹਿਰ ਹੈ, ਜਿੱਥੇ ਲੋਕ ਅਧਿਕਾਰੀ ਦੀ ਮੌਤ ਦੀ ਖ਼ਬਰ ਦਾ ਸੋਗ ਮਨਾ ਰਹੇ ਹਨ। ਨਿਵਾਸੀ ਬਾਰਡਰਟਾਊਨ ਪੁਲਿਸ ਸਟੇਸ਼ਨ ‘ਤੇ ਆਪਣੀ ਸ਼ਰਧਾ ਦੇ ਫੁੱਲ ਚੜ੍ਹਾ ਰਹੇ ਹਨ, ਜਿੱਥੇ ਝੰਡੇ ਅੱਧੇ ਝੁਕੇ ਹੋਏ ਹਨ। ਡੋਇਗ ਇੱਕ ਪ੍ਰਸਿੱਧ ਸਥਾਨਕ ਪੁਲਿਸ ਅਫ਼ਸਰ ਸੀ ਜੋ 15 ਸਾਲਾਂ ਤੋਂ ਭਾਈਚਾਰੇ ਵਿੱਚ ਰਿਹਾ ਸੀ।