ਘਰ ਕਿਰਾਏ ’ਤੇ ਦੇਣ ਦੇ ਨਾਂ ’ਤੇ ਹਜ਼ਾਰਾਂ ਡਾਲਰ ਦੀ ਠੱਗੀ (Rental Scam), ਮੈਰੀਲੈਂਡ ’ਚ 35 ਵਰ੍ਹਿਆਂ ਦਾ ਵਿਅਕਤੀ ਗ੍ਰਿਫ਼ਤਾਰ

ਮੈਲਬਰਨ: ਸਿਡਨੀ ਦੇ ਇੱਕ ਵਿਅਕਤੀ ’ਤੇ ਸੋਸ਼ਲ ਮੀਡੀਆ ਰਾਹੀਂ ਕਿਰਾਏ ਦੇ ਮਕਾਨ ਭਾਲ ਕਰ ਰਹੇ ਸੰਭਾਵੀ ਕਿਰਾਏਦਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਥਿਤ ਵੱਡੇ ਘਪਲੇ (Rental Scam) ਦਾ ਦੋਸ਼ ਲਗਾਇਆ ਗਿਆ ਹੈ। ਜਾਸੂਸਾਂ ਨੇ ਮਈ ਵਿੱਚ ਇੱਕ ਕਥਿਤ ਪ੍ਰਾਪਰਟੀ ਘਪਲੇ ਦੀਆਂ ਕਈ ਸ਼ਿਕਾਇਤਾਂ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਜਿਸ ਵਿੱਚ ਸੰਭਾਵੀ ਕਿਰਾਏਦਾਰਾਂ ਨੇ ਸੋਸ਼ਲ ਮੀਡੀਆ ’ਤੇ ਦਿੱਤੇ ਇਸ਼ਤਿਹਾਰ ਨੂੰ ਵੇਖ ਕੇ ਪ੍ਰਾਪਰਟੀਜ਼ ਲਈ ਕਿਰਾਏ ਦੇ ਬਾਂਡ ਦਾ ਭੁਗਤਾਨ ਕੀਤਾ।

ਪੁੱਛ-ਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਘਪਲਾ ਫਰਵਰੀ 2022 ਅਤੇ ਅਕਤੂਬਰ 2023 ਦੇ ਵਿਚਕਾਰ ਬੌਂਡੀ, ਪੈਰਾਮਾਟਾ, ਔਬਰਨ, ਵੈਂਟਵਰਥਵਿਲੇ ਅਤੇ ਲਿਵਰਪੂਲ ਦੀਆਂ ਪ੍ਰਾਪਰਟੀਜ਼ ਨੂੰ ਲੈ ਕੇ ਕੀਤਾ ਗਿਆ। ਜਾਂਚ ਦੇ ਨਤੀਜੇ ਵੱਜੋਂ ਵੀਰਵਾਰ ਨੂੰ ਮੈਰੀਲੈਂਡਜ਼ ਵਿੱਚ ਇੱਕ 35 ਸਾਲ ਦੇ ਵਿਅਕਤੀ, ਸਕੌਟ ਮੈਕਸਵੈੱਲ ਜੈਫ਼ਰੀਜ਼, ਦੀ ਗ੍ਰਿਫਤਾਰੀ ਹੋਈ। ਫਿਰ ਰੋਡਜ਼ ਸਥਿਤ ਸਕੌਟ ਮੈਕਸਵੈੱਲ ਜੈਫ਼ਰੀਜ਼ ਦੇ ਘਰ ਵਿੱਚ ਇੱਕ ਸਰਚ ਵਾਰੰਟ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕਈ ਉਪਕਰਣ, ਦਸਤਾਵੇਜ਼ ਅਤੇ ਹੋਰ ਚੀਜ਼ਾਂ ਜ਼ਬਤ ਕੀਤੀਆਂ।

ਇਸ ਵਿਅਕਤੀ ’ਤੇ 34 ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਵਿੱਚ ਲਾਭ ਪ੍ਰਾਪਤ ਕਰਨ ਲਈ ਝੂਠੀ ਗੁੰਮਰਾਹਕੁੰਨ ਸਮੱਗਰੀ ਪ੍ਰਕਾਸ਼ਤ ਕਰਨ ਦੇ 9 ਦੋਸ਼, ਧੋਖੇ ਨਾਲ ਵਿੱਤੀ ਲਾਭ ਪ੍ਰਾਪਤ ਕਰਨ ਦੇ 21 ਮਾਮਲੇ, ਅਪਰਾਧ ਦੀ ਕਮਾਈ ਨਾਲ ਜਾਣਬੁੱਝ ਕੇ ਨਜਿੱਠਣ ਦੇ ਦੋ ਮਾਮਲੇ, ਸਜ਼ਾਯੋਗ ਅਪਰਾਧ ਕਰਨ ਲਈ ਝੂਠੀ ਪਛਾਣ ਬਣਾਉਣ ਅਤੇ ਸਜ਼ਾਯੋਗ ਅਪਰਾਧ ਕਰਨ ਲਈ ਝੂਠੀ ਪਛਾਣ ਰੱਖਣ ਦੇ ਦੋਸ਼ ਸ਼ਾਮਲ ਹਨ।

ਪੁਲਿਸ ਅਦਾਲਤ ਵਿੱਚ ਦੋਸ਼ ਲਗਾਏਗੀ ਕਿ ਵਿਅਕਤੀ ਨੇ ਸੰਭਾਵੀ ਕਿਰਾਏਦਾਰਾਂ ਤੋਂ ਬਾਂਡ ਰਾਹੀਂ 60,000 ਡਾਲਰ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ। ਉਸ ਨੂੰ ਸ਼ੁੱਕਰਵਾਰ ਨੂੰ ਪੈਰਾਮਾਟਾ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਸ਼ਰਤਾਂ ਅਧੀਨ ਜ਼ਮਾਨਤ ਦੇ ਦਿੱਤੀ ਗਈ ਹੈ।

Leave a Comment