ਮੈਲਬਰਨ: ਸਿਰ ’ਤੇ ਛੱਤ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਆਸਟ੍ਰੇਲੀਆ ’ਚ ਇੱਕ ਨਵੀਂ ਰਿਪੋਰਟ ਅਨੁਸਾਰ ਸਿਡਨੀ, ਮੈਲਬੌਰਨ ਅਤੇ ਬ੍ਰਿਸਬੇਨ ਵਿੱਚ 655,000 ਸੰਪਤੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਵਿੱਚ ਗ੍ਰੈਨੀ ਫਲੈਟ ਬਣਨ ਦੀ ਸੰਭਾਵਨਾ ਹੈ।ਹਾਊਸਿੰਗ ਆਸਟ੍ਰੇਲੀਆ ਨੇ ਅਗਲੇ ਪੰਜ ਸਾਲਾਂ ਵਿੱਚ 106,300 ਘਰਾਂ ਦੀ ਘਾਟ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਕੀਮਤਾਂ ਵਧ ਜਾਣਗੀਆਂ।
ਆਸਟ੍ਰੇਲੀਆ ਦੇ ਰਿਹਾਇਸ਼ੀ ਸੰਕਟ ’ਤੇ ਦਬਾਅ ਘੱਟ ਕਰਨ ਦੀ ਸੰਭਾਵਨਾ ਪ੍ਰਗਟਾਉਂਦੀ ਇਹ ਰਿਪੋਰਟ ਆਰਕੀਸਟਾਰ, ਬਲੈਕਫੋਰਟ, ਅਤੇ ਕੋਰਲੌਜਿਕ ਨੇ ਜਾਰੀ ਕੀਤੀ ਹੈ ਜੋ ਕਹਿੰਦੀ ਹੈ ਕਿ ਆਸਟ੍ਰੇਲੀਆ ’ਚ ਮਕਾਨਾਂ ਦੀ ਕਮੀ ਨਵੀਂਆਂ ਉਸਾਰੀਆਂ ’ਚ ਸੁਸਤੀ, ਛੋਟੇ ਆਕਾਰ ਦੇ ਘਰਾਂ ਦਾ ਰਿਵਾਜ, ਅਤੇ ਮਹਾਂਮਾਰੀ ਮਗਰੋਂ ਸਰਹੱਦਾਂ ਖੁੱਲ੍ਹਣ ਕਾਰਨ ਮਾਈਗ੍ਰੇਸ਼ਨ ’ਚ ਵਾਧੇ ਕਾਰਨ ਹੈ। ਕੋਰਲੋਜਿਕ ਦੇ ਰਿਸਰਚ ਡਾਇਰੈਕਟਰ ਟਿਕ ਲਾਅਲੈੱਸ ਨੇ ਕਿਹਾ, ‘‘ਮਕਾਨ ਮਾਲਕਾਂ ਲਈ ਆਪਣੀ ਖ਼ਾਲੀ ਜ਼ਮੀਨ ’ਤੇ ਦੂਜਾ ਮਕਾਨ ਉਸਾਰਨਾ ਪਰਿਵਾਰ ਦੇ ਮੈਂਬਰਾਂ ਜਾਂ ਕਿਰਾਏ ’ਤੇ ਦੇਣ ਲਈ ਵਾਧੂ ਰਿਹਾਇਸ਼ ਪ੍ਰਦਾਨ ਕਰਦਾ ਹੈ, ਨਾਲ ਉਨ੍ਹਾਂ ਦੀ ਜਾਇਦਾਦ ਦੇ ਮੁੱਲ ਨੂੰ ਵੀ ਵਧਾਉਂਦਾ ਹੈ ਅਤੇ ਸੰਭਾਵੀ ਤੌਰ ’ਤੇ ਵਾਧੂ ਕਿਰਾਏ ਦੇ ਰੂਪ ’ਚ ਆਮਦਨ ਵੀ ਵਧਾਉਂਦਾ ਹੈ।’’
ਦੱਖਣੀ ਆਸਟ੍ਰੇਲੀਆਈ ਸਰਕਾਰ ਨੇ ਕਿਰਾਏ ਦੇ ਮਕਾਨਾਂ ਦੀ ਸਪਲਾਈ ਨੂੰ ਹੁਲਾਰਾ ਦੇਣ ਲਈ ਗ੍ਰੈਨੀ ਫਲੈਟਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਹੈ। ਦੱਖਣੀ ਆਸਟ੍ਰੇਲੀਆਈ ਸਰਕਾਰ ਨੇ ਪਹਿਲਾਂ ਹੀ ਅਜਿਹਾ ਕਾਨੂੰਨ ਪਾਸ ਕਰ ਦਿੱਤਾ ਹੈ ਤਾਂ ਜੋ ਘਰਾਂ ਦੇ ਮਾਲਕ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਨੂੰ ਵੀ ਗ੍ਰੈਨੀ ਫਲੈਟ ਕਿਰਾਏ ’ਤੇ ਦੇ ਸਕਣ।