ਕੀ ਡਰਾਈਵਿੰਗ ਕਰਦੇ ਸਮੇਂ ਸਾਥੀ ਦਾ ਹੱਥ ਫੜਨ ਕਾਰਨ ਹੋ ਸਕਦੈ ਚਲਾਨ? ਸੋਸ਼ਲ ਮੀਡੀਆ ’ਤੇ ਛਾਈ ਬਹਿਸ, ਜਾਣੋ ਕੀ ਕਹਿੰਦਾ ਹੈ ਕਾਨੂੰਨ

ਮੈਲਬਰਨ: ਸੋਸ਼ਲ ਮੀਡੀਆ ’ਤੇ ਅੱਜਕਲ੍ਹ ਬਹਿਸ ਛਾਈ ਹੋਈ ਹੈ ਕਿ ਕਾਰ ਚਲਾਉਂਦੇ ਸਮੇਂ ਆਪਣੇ ਸਾਥੀ ਦਾ ਹੱਥ ਫੜਨ ਕਾਰਨ ‘ਸੜਕ ਸੁਰੱਖਿਆ ਕੈਮਰੇ’ ਰਾਹੀਂ ਲੋਕਾਂ ਦੇ ਚਲਾਨ ਹੋ ਰਹੇ ਹਨ, ਅਤੇ ਆਮ ਤੌਰ ’ਤੇ ਲੋਕਾਂ ਵਲੋਂ ਕੀਤੀ ਜਾਂਦੀ ਇਸ ਕਾਰਵਾਈ ਕਾਰਨ ਤੁਹਾਨੂੰ ਚਲਾਨ ਹੋ ਸਕਦਾ ਹੈ ਜਾਂ ਨਹੀਂ। ਅਸਲ ’ਚ ਆਸਟ੍ਰੇਲੀਆ ’ਚ ਲੱਗੇ ਮੋਬਾਈਲ ਫ਼ੋਨ ਡਿਟੈਕਸ਼ਨ ਲੋਕੇਸ਼ਨਾਂ ਬਾਰੇ ਫ਼ੇਸਬੁੱਕ ’ਤੇ ਇੱਕ ਟਿੱਪਣੀ ਕਰਦਿਆਂ ਇੱਕ ਵਿਅਕਤੀ ਨੇ ਸਵਾਲ ਪੋਸਟ ਕੀਤਾ ਸੀ ਕਿ ‘‘ਮੈਂ ਅਤੇ ਮੇਰੀ ਪ੍ਰੇਮਿਕਾ ਨੇ ਕਾਰ ’ਚ ਹੱਥ ਫੜੇ ਹੋਏ ਸਨ ਅਤੇ ਖੱਬੇ ਪਾਸੇ ਇੱਕ ਕੈਮਰਾ ਸੀ, ਕੀ ਉਹ ਮੈਨੂੰ ਜੁਰਮਾਨਾ ਕਰਨਗੇ?’’ ਇਸ ’ਤੇ ਗਰੁੱਪ ’ਚ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ। 

ਅਸਲ ’ਚ ਡਰਾਈਵਿੰਗ ਕਰਦੇ ਸਮੇਂ ਹੱਥ ਫੜਨ ਦੇ ਵਿਰੁੱਧ ਕੋਈ ਖਾਸ ਨਿਯਮ ਨਹੀਂ ਹੈ, ਪਰ ਆਮ ਐਕਟ ਦੇ ਨਤੀਜੇ ਵਜੋਂ ਕੁਝ ਥਾਵਾਂ ’ਤੇ 962 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਜੇਕਰ ਸਬੰਧਤ ਸਟੇਟ ਦੇ ਅਧਿਕਾਰੀਆਂ ਵੱਲੋਂ ਪਾਇਆ ਜਾਂਦਾ ਹੈ ਕਿ ਹੱਥ ਫੜਨ ਕਾਰਨ ਤੁਸੀਂ ਗੱਡੀ ’ਤੇ ਸਹੀ ਕੰਟਰੋਲ ਬਣਾਈ ਰੱਖਣ ’ਚ ਅਸਫ਼ਲ ਹੋ ਤਾਂ ਇਹ ਰੋਡ ਟ੍ਰੈਫਿਕ ਐਕਟ 1961 ਦੇ ਆਸਟ੍ਰੇਲੀਅਨ ਰੋਡ ਨਿਯਮ 297 ਦੇ ਤਹਿਤ ਇਕ ਜੁਰਮ ਹੋਵੇਗਾ।

ਨਿਊ ਸਾਊਥ ਵੇਲਜ਼ ’ਚ ਰੰਗੇ ਹੱਥੀਂ ਫੜੇ ਜਾਣ ਵਾਲਿਆਂ ਨੂੰ ਇਸ ਜੁਰਮ ਕਾਰਨ 514 ਡਾਲਰ ਤਕ ਦਾ ਜੁਰਮਾਨਾ ਹੋ ਸਕਦਾ ਹੈ। ਜੇਕਰ ਸਕੂਲ ਦੇ ਖੇਤਰ ’ਚ ਇਹ ਜੁਰਮ ਹੁੰਦਾ ਹੈ ਤਾਂ ਜੁਰਮਾਨਾ 644 ਡਾਲਰ ਹੋ ਸਕਦਾ ਹੈ। ਵਿਕਟੋਰੀਆ ’ਚ ਅਜਿਹੇ ਜੁਰਮ ਦੀ ਸਜ਼ਾ 288 ਡਾਲਰ ਹੈ। ਜੇਕਰ ਅਦਾਲਤ ’ਚ ਮਾਮਲਾ ਸੁਣਿਆ ਜਾਂਦਾ ਹੈ ਤਾਂ ਜੁਰਮਾਨਾ 962 ਡਾਲਰ ਹੋ ਸਕਦਾ ਹੈ। ਦਖਣੀ ਆਸਟ੍ਰੇਲੀਆ ਦੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਨਿਯਮ 297 ਦੀ ਉਲੰਘਣਾ ਦਾ ਜੁਰਮਾਨਾ 215 ਡਾਲਰ ਹੋ ਸਕਦਾ ਹੈ। ਪਛਮੀ ਆਸਟ੍ਰੇਲੀਆ ’ਚ ਅਜਿਹਾ ਕਾਨੂੰਨ ਰੋਡ ਟ੍ਰੈਫ਼ਿਕ ਐਕਟ ਦੇ ਸੈਕਸ਼ਨ 62 ਹੇਠ ਆਉਂਦਾ ਹੈ ਅਤੇ ‘ਬੇਪ੍ਰਵਾਹ ਡਰਾਈਵਿੰਗ’ ਜਾਂ ‘ਲੋੜੀਂਦੇ ਧਿਆਨ ਅਤੇ ਚੌਕਸੀ ਨਾਲ ਡਰਾਈਵਿੰਗ ਨਾ ਕਰਨ’ ਕਾਰਨ 300 ਡਾਲਰ ਤਕ ਦਾ ਜੁਰਮਾਨਾ ਹੋ ਸਕਦਾ ਹੈ। ਅਦਾਲਤ ’ਚ ਮਾਮਲਾ ਸੁਣਿਆ ਜਾਵੇ ਤਾਂ ਜੁਰਮਾਨਾ 15000 ਡਾਲਰ ਤਕ ਹੋ ਸਕਦਾ ਹੈ। ਕੁਈਨਜ਼ਲੈਂਡ ’ਚ ਅਜਿਹਾ ਨਿਯਮ ਤੋੜਨ ਦਾ ਜੁਰਮਾਨਾ 361 ਡਾਲਰ ਹੁੰਦਾ ਹੈ।

Leave a Comment