ਮੈਲਬਰਨ : ਪੰਜਾਬੀ ਕਲਾਊਡ ਟੀਮ
-ਆਸਟਰੇਲੀਆ ਬਾਰਡਰ ਫੋਰਸ (Australian Border Force) ਨੇ ਸਿਡਨੀ `ਚ ਕਾਰਗੋ ਸਪਲਾਈ ਚੇਨ ਦੇ ਦੋ ਡਰਾਈਵਰਾਂ ਨੂੰ ਕਾਬੂ ਕਰ ਲਿਆ ਹੈ, ਜੋ ਆਪਣੀ ਪੁਜੀਸ਼ਨ ਦਾ ਨਜਾਇਜ਼ ਫਾਇਦਾ ਉਠਾ ਕੇ ਕਨਸਾਈਨਮੈਂਟ ਬਿਨਾਂ ਡਿਊਟੀ ਦਿੱਤਿਆਂ ਹੀ ਲੰਘਾ ਦਿੰਦੇ ਸਨ। ਪੜਤਾਲ ਕਰਨ ਪਿੱਛੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 13 ਸਤੰਬਰ ਨੂੰ ਡਾਨਿੰਗ ਸੈਂਟਰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਰਡਰ ਫੋਰਸ ਨੂੰ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਬਾਰੇ ਭਿਣਕ ਲੱਗਣ `ਤੇ ਪਿਛਲੇ ਦਿਨੀਂ ਸਿਲਵਰ ਵਾਟਰ, ਹਿੱਲਸਾਈਡ, ਪ੍ਰ੍ਰੈੱਸਟਨ, ਬੌਟਨੀ, ਐਨਫੀਲਡ ਅਤੇ ਈਸਟ ਗਾਰਡਨਜ ਵਿੱਚ 37 ਥਾਵਾਂ `ਤੇ ਛਾਪੇਮਾਰੀ ਕੀਤੀ ਸੀ। ਜਿਸ ਦੌਰਾਨ 15 ਲੱਖ ਡਾਲਰ ਦੀਆਂ ਗ਼ੈਰ-ਕਾਨੂੰਨੀ ਸਿਗਰਟਾਂ, ਜਿਸਨੂੰ 17 ਲੱਖ 35 ਹਜ਼ਾਰ 254 ਡਾਲਰ ਦੀ ਡਿਊਟੀ ਟੈਕਸ ਤੋਂ ਬਚਾਇਆ ਗਿਆ ਸੀ। ਇਸੇ ਤਰ੍ਹਾਂ ਕਰੀਬ ਸਵਾ ਟਨ ਤੰਬਾਕੂ, ਜਿਸ ਵਾਸਤੇ 18 ਲੱਖ ਤੋਂ ਵੱਧ ਦਾ ਡਿਊਟੀ ਟੈਕਸ ਚੋਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ 3 ਲੱਖ ਡਾਲਰ ਤੋਂ ਵੱਧ ਦੀ ਕਰੰਸੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਇਲੈਕਟ੍ਰੋਨਿਕਸ ਦਾ ਸਮਾਨ ਵੀ ਹੈ, ਜਿਸ ਬਾਰੇ ਅਜੇ ਜਾਂਚ ਕੀਤੀ ਜਾਣੀ ਹੈ।