ਮੈਲਬਰਨ : ਸਿਡਨੀ ਦੇ ਇਕ ਨਿੱਜੀ ਘਰ ਅੰਦਰ ਅਨਿਯਮਿਤ ਕਾਸਮੈਟਿਕ ਟੀਕੇ ਲਗਾਉਣ ਤੋਂ ਬਾਅਦ ਤਿੰਨ ਲੋਕਾਂ ਨੂੰ ਸ਼ੱਕੀ ਬੋਟੂਲਿਜ਼ਮ ਨਾਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇੱਕ ਵਿਅਕਤੀ ਨੂੰ ਬੋਟੂਲਿਜ਼ਮ ਹੋਣ ਦੀ ਪੁਸ਼ਟੀ ਕੀਤੀ ਗਈ ਹੈ। NSW ਹੈਲਥ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਲੋਕਾਂ ਨੂੰ ਅਨਿਯਮਿਤ ਕਾਸਮੈਟਿਕ ਟੀਕਿਆਂ ਦੇ ਖਤਰਿਆਂ ਬਾਰੇ ਚੇਤਾਵਨੀ ਦੇ ਰਿਹਾ ਹੈ। NSW ਹੈਲਥ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਤਿੰਨਾਂ ਮਾਮਲਿਆਂ ’ਚ ਲਗਭਗ ਦੋ ਹਫ਼ਤੇ ਪਹਿਲਾਂ ਸਿਡਨੀ ਦੇ ਇੱਕ ਘਰ ਵਿੱਚ ਇੱਕੋ ਦਿਨ ਇੱਕੋ ਵਿਅਕਤੀ ਤੋਂ ਝੁਰੜੀਆਂ ਰੋਕੂ ਟੀਕੇ ਲਗਾਏ ਗਏ ਸਨ। ਵਰਤੇ ਗਏ ਵਿਸ਼ੇਸ਼ ਉਤਪਾਦ ਦੀ ਜਾਂਚ ਚੱਲ ਰਹੀ ਹੈ।
ਕੀ ਹੁੰਦੈ ਬੋਟੂਲਿਜ਼ਮ?
ਬੋਟੂਲਿਜ਼ਮ ਇੱਕ ਦੁਰਲੱਭ ਪਰ ਗੰਭੀਰ ਅਵਸਥਾ ਹੈ ਜੋ ਇੱਕ ਜ਼ਹਿਰੀਲੇ ਪਦਾਰਥ ਬੋਟੂਲਿਨਮ ਦੇ ਕਾਰਨ ਹੁੰਦੀ ਹੈ ਜੋ ਸਰੀਰ ਦੀਆਂ ਨਸਾਂ ’ਤੇ ਹਮਲਾ ਕਰਦੀ ਹੈ। ਇਸ ਦੇ ਕਈ ਲੱਛਣ ਹੁੰਦੇ ਹਨ ਜਿੰਨ੍ਹਾਂ ਵਿੱਚ ਵਧਦੀ ਕਮਜ਼ੋਰੀ, ਨਿਗਲਣ ਵਿੱਚ ਮੁਸ਼ਕਿਲ, ਪਲਕਾਂ ਦਾ ਡਿੱਗਣਾ, ਧੁੰਦਲੀ ਨਜ਼ਰ ਅਤੇ ਸਾਹ ਲੈਣ ਵਿੱਚ ਮੁਸ਼ਕਲ ਸ਼ਾਮਲ ਹਨ।
ਬੋਟੂਲਿਨਮ ਜਾਂ ਸੰਖੇਪ ਵਿੱਚ ਬੋਟੋਕਸ, ਇੱਕ ਜ਼ਹਿਰ ਹੁੰਦਾ ਹੈ ਜੋ ਅਕਸਰ ਚਿਹਰੇ ਦੀਆਂ ਝੁਰੜੀਆਂ ਹਟਾਉਣ ਲਈ ਵਰਤਿਆ ਜਾਂਦਾ ਹੈ। ਸਭ ਤੋਂ ਸ਼ਕਤੀਸ਼ਾਲੀ ਜ਼ਹਿਰੀਲੇ ਪਦਾਰਥਾਂ ਵਿੱਚੋਂ ਇੱਕ, ਬੋਟੋਕਸ ਆਮ ਤੌਰ ’ਤੇ ਡਾਕਟਰੀ ਅਤੇ ਕਾਸਮੈਟਿਕ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ।