ਇਨਾਮ ਜਿੱਤਣ ਬਦਲੇ Nine Network ਦੇ ਖੇਡ ਪੱਤਰਕਾਰ ਨੂੰ ਗੁਆਉਣੀ ਪਈ ਨੌਕਰੀ, ਜਾਣੋ ਕੀ ਹੈ ਪੂਰਾ ਮਾਮਲਾ

ਮੈਲਬਰਨ : Nine Network ਨੇ ਅੱਜ ਦੇ ਆਪਣੇ ਇੱਕ ਖੇਡ ਪੱਤਰਕਾਰ Alex Cullen ਨੂੰ ਸ਼ਰੇਆਮ ਪੱਤਰਕਾਰੀ ਦੇ ਅਸੂਲਾਂ ਨਾਲ ਸਮਝੌਤਾ ਕਰਨ ਲਈ ਬਰਖਾਸਤ ਕਰ ਦਿੱਤਾ ਹੈ। ਦਰਅਸਲ ਮੈਲਬਰਨ ਦੇ ਇੱਕ ਅਰਬਪਤੀ Adrian Portelli, ਜੋ ਕਿ ਪਹਿਲਾਂ “Lambo guy” ਦੇ ਤੌਰ ’ਤੇ ਮਸ਼ਹੂਰ ਸਨ, ਨੇ ਐਲਾਨ ਕੀਤਾ ਸੀ ਕਿ ਜਿਹੜਾ ਕੋਈ ਵੀ ਪੱਤਰਕਾਰ ਉਨ੍ਹਾਂ ਨੂੰ ਟੀ.ਵੀ. ’ਤੇ ਸਭ ਤੋਂ ਪਹਿਲ ‘McLaren guy’ ਕਹੇਗਾ ਉਸ ਨੂੰ ਉਹ 50,000 ਡਾਲਰ ਦਾ ਨਕਦ ਇਨਾਮ ਦੇਣਗੇ।

ਇਸ ਦੇ ਜਵਾਬ ’ਚ Alex Cullen ਨੇ ਸ਼ੁੱਕਰਵਾਰ ਸਵੇਰੇ ਆਸਟ੍ਰੇਲੀਅਨ ਓਪਨ ਬਾਰੇ ਜਾਣਕਾਰੀ ਦਿੰਦਿਆਂ ਟੀ.ਵੀ. ’ਤੇ ਐਲਾਨ ਕਰ ਦਿੱਤਾ ਕਿ ‘Adrian Portelli ਉਰਫ਼ McLaren guy ਵੀ ਅੱਜ ਇੱਥੇ ਆ ਸਕਦੇ ਹਨ।’ ਹਾਲਾਂਕਿ Alex Cullen ਦੀਆਂ ਕਾਰਵਾਈਆਂ ਨੂੰ MEAA ਦੇ ‘ਜਰਨਲਿਸਟ ਕੋਡ ਆਫ ਐਥਿਕਸ’ ਦੀ ਉਲੰਘਣਾ ਮੰਨਿਆ ਗਿਆ ਸੀ, ਜੋ ਨਿੱਜੀ ਲਾਭ ਲਈ ਪੱਤਰਕਾਰੀ ਦੇ ਅਹੁਦੇ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾਉਂਦਾ ਹੈ। ਜਾਂਚ ਤੋਂ ਬਾਅਦ, Nine Network ਨੇ ‘ਤਾਜ਼ਾ ਘਟਨਾ’ ਦਾ ਹਵਾਲਾ ਦਿੰਦੇ ਹੋਏ Cullen ਦਾ ਇਕਰਾਰਨਾਮਾ ਖਤਮ ਕਰ ਦਿੱਤਾ।

Portelli ਸਪੱਸ਼ਟ ਤੌਰ ’ਤੇ ਲੋਕਾਂ ਨੂੰ ਉਸ ਨੂੰ “Lambo guy” ਕਹਿਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ – ਇਹ ਉਪਨਾਮ ਕੁਝ ਲੋਕਾਂ ਨੇ ਉਸ ਨੂੰ 2022 ਵਿੱਚ Nine Network ਦੇ ਇੱਕ ਟੈਲੀਵਿਜ਼ਨ ਪ੍ਰੋਗਰਾਮ ਵਿੱਚ ਆਉਣ ਤੋਂ ਬਾਅਦ ਦਿੱਤਾ ਸੀ, ਜਿਸ ਵਿੱਚ ਉਸ ਨੂੰ ਪੀਲੇ ਰੰਗ ਦੀ ਲੈਂਬੋਰਗਿਨੀ ਕਾਰ ਵਿੱਚ ਸ਼ੋਅ ਦੀ ਨਿਲਾਮੀ ਲਈ ਪਹੁੰਚਦੇ ਦਿਖਾਇਆ ਗਿਆ ਸੀ।

ਹਾਲਾਂਕਿ ਸ਼ੁੱਕਰਵਾਰ ਤੋਂ ਬਾਅਦ Cullen ਦੇ ਟੀ.ਵੀ. ’ਤੇ ਆਉਣਾ ਬੰਦ ਹੋਣ ਮਗਰੋਂ Portelli ਉਸ ਦੀ ਹਮਾਇਤ ’ਤੇ ਆਏ ਸਨ ਅਤੇ ਦੋ ਦਿਨ ਪਹਿਲਾਂ ਇੰਸਟਾਗ੍ਰਾਮ ’ਤੇ ਪੋਸਟ ਕੀਤਾ ਸੀ ਕਿ ਉਨ੍ਹਾਂ ਨੇ Cullen ਦੇ ਨਾਮ ’ਤੇ ਸਾਲਵੇਸ਼ਨ ਆਰਮੀ ਅਤੇ RSPCA ਦੋਵਾਂ ਨੂੰ 25,000 ਡਾਲਰ ਦਾਨ ਕੀਤੇ ਹਨ। ਉਨ੍ਹਾਂ ਕਿਹਾ, ‘‘Alex ਨਾਲ ਜੋ ਕੁਝ ਵਾਪਰਿਆ ਮੈਂ ਉਸ ਬਾਰੇ ਬਹੁਤ ਚੁੱਪ ਰਿਹਾ, ਪਰ ਬਰਖ਼ਾਸਤਗੀ ਤੋਂ ਪਹਿਲਾਂ ਸਾਡੀ ਗੱਲਬਾਤ ਹੋਈ ਜਿੱਥੇ ਉਸ ਨੇ ਇਨਾਮ ਦੇ ਪੈਸੇ ਦਾਨ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਇਹ ਉਸ ਦੇ ਕਿਰਦਾਰ ਬਾਰੇ ਬਹੁਤ ਕੁਝ ਦੱਸਦਾ ਹੈ। ਐਲੇਕਸ ਬਹੁਤ ਚੰਗਾ ਬੰਦਾ ਹੈ। ਜੇ Ch9 ਤੁਹਾਨੂੰ ਬਾਹਰ ਕਢਦੇ ਹਨ (ਹਾਲਾਂਕਿ ਮੈਨੂੰ ਸੱਚਮੁੱਚ ਉਮੀਦ ਹੈ ਕਿ ਉਹ ਅਜਿਹਾ ਨਹੀਂ ਕਰਨਗੇ!), ਤਾਂ ਮੈਨੂੰ ਤੁਹਾਡੇ ਨਾਲ ਕੰਮ ਕਰਨ ਵਿੱਚ ਖੁਸ਼ੀ ਮਹਿਸੂਸ ਹੋਵੇਗੀ।’’