ਮੈਲਬਰਨ : ਸਿਡਨੀ ਵਿਚ ਅਥਾਰਟੀਆਂ ਨੇ ਗੁਰਵਿੰਦਰ ਸਿੰਘ (42) ਦੀ ਅਗਵਾਈ ਵਿਚ ਚਲ ਰਹੀ ਕਥਿਤ ਤੌਰ ‘ਤੇ ਕਰੋੜਾਂ ਡਾਲਰ ਦੇ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਤੰਬਾਕੂ ਤਸਕਰੀ ਮੁਹਿੰਮ ਦਾ ਪਰਦਾਫ਼ਾਸ਼ ਕੀਤਾ ਹੈ। ਗੁਰਵਿੰਦਰ ਸਿੰਘ ਨੇ ਬਾਰਡਰ ਕੰਟਰੋਲ ਤੋਂ ਬਚਣ ਲਈ ਇਕ ਮਾਲ ਕੰਪਨੀ ਦਾ ਕਥਿਤ ਤੌਰ ‘ਤੇ ਪ੍ਰਯੋਗ ਕੀਤਾ ਸੀ।
ਸਟ੍ਰਾਈਕ ਫੋਰਸ Aulic ਦਾ ਗਠਨ 2023 ਵਿੱਚ ਇਸ ਤਸਕਰੀ ਯੋਜਨਾ ਦੀ ਜਾਂਚ ਕਰਨ ਲਈ ਕੀਤਾ ਗਿਆ ਸੀ, ਜਿਸ ਵਿੱਚ ਕਥਿਤ ਤੌਰ ‘ਤੇ 280 ਕਿੱਲੋ ਮੈਥਾਮਫੇਟਾਮਾਈਨ, 50 ਕਿੱਲੋ ਕੋਕੀਨ ਅਤੇ 20 ਮਿਲੀਅਨ ਤੋਂ ਵੱਧ ਗੈਰਕਾਨੂੰਨੀ ਸਿਗਰਟਾਂ ਦੀ ਵੱਡੀ ਖੇਪ ਸ਼ਾਮਲ ਸੀ। ਪੁਲਿਸ ਨੇ ਵਿਆਪਕ ਨਿਗਰਾਨੀ ਅਤੇ ਤਲਾਸ਼ੀ ਵਾਰੰਟਾਂ ਤੋਂ ਬਾਅਦ ਗੁਰਵਿੰਦਰ ਸਿੰਘ ਅਤੇ ਕੈਨੇਡੀਅਨ ਨਾਗਰਿਕਾਂ ਸਮੇਤ ਉਸ ਦੇ ਕਈ ਸਾਥੀਆਂ ਨੂੰ ਗ੍ਰਿਫਤਾਰ ਕੀਤਾ।
ਅਧਿਕਾਰੀਆਂ ਨੇ ਇਕ ਇੰਪੋਰਟ ਕੀਤੇ ਕੂਲਰ ਵਿਚ ਤਰਲ ਮੈਥ, ਸੀਮੈਂਟ ਦੇ ਥੈਲਿਆਂ ਵਿਚ ਲੁਕਾਈ ਗਈ ਕੋਕੀਨ ਅਤੇ ਵੱਖ-ਵੱਖ ਟੂਲਜ਼ ਦਾ ਪਤਾ ਲਗਾਇਆ। ਜਾਂਚ ਜਾਰੀ ਰਹਿਣ ਦੌਰਾਨ ਸੱਤ ਵਿਅਕਤੀ ਹਿਰਾਸਤ ਵਿੱਚ ਹਨ, ਜੋ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ, ਸੰਗਠਿਤ ਅਪਰਾਧ ਅਤੇ ਵਿੱਤੀ ਆਮਦਨ ਨਾਲ ਸਬੰਧਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ।