ਮੈਲਬਰਨ : ਅਫ਼ਰੀਕੀ ਦੇਸ਼ ਕਾਂਗੋ ਵਿੱਚ ਇੱਕ ਅਣਪਛਾਤੀ ਬਿਮਾਰੀ ਨੇ 50 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਇਹ ਜਾਣਕਾਰੀ ਜ਼ਮੀਨੀ ਪੱਧਰ ’ਤੇ ਮੌਜੂਦ ਡਾਕਟਰਾਂ ਅਤੇ ਵਿਸ਼ਵ ਸਿਹਤ ਸੰਗਠਨ (WHO) ਨੇ ਦਿੰਤੀ ਹੈ। ਖੇਤਰੀ ਨਿਗਰਾਨੀ ਕੇਂਦਰ ਬਿਕੋਰੋ ਹਸਪਤਾਲ ਦੇ ਮੈਡੀਕਲ ਡਾਇਰੈਕਟਰ Serge Ngalebato ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿਚ ਲੱਛਣਾਂ ਦੀ ਸ਼ੁਰੂਆਤ ਅਤੇ ਮੌਤ ਦੇ ਵਿਚਕਾਰ ਦਾ ਫ਼ਰਕ 48 ਘੰਟੇ ਰਿਹਾ ਹੈ ਅਤੇ ਇਹ ਸੱਚਮੁੱਚ ਚਿੰਤਾਜਨਕ ਹੈ।
ਇਹ ਪ੍ਰਕੋਪ 21 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ 53 ਮੌਤਾਂ ਸਮੇਤ 419 ਮਾਮਲੇ ਦਰਜ ਕੀਤੇ ਗਏ ਹਨ। WHO ਦੇ ਅਫਰੀਕਾ ਦਫਤਰ ਅਨੁਸਾਰ, ਬੋਲੋਕੋ ਸ਼ਹਿਰ ਵਿੱਚ ਪਹਿਲਾ ਪ੍ਰਕੋਪ ਉਦੋਂ ਸ਼ੁਰੂ ਹੋਇਆ ਜਦੋਂ ਤਿੰਨ ਬੱਚਿਆਂ ਨੇ ਚਮਗਿੱਦੜ ਖਾਧਾ ਅਤੇ ਹੈਮੋਰੇਜਿਕ ਬੁਖਾਰ ਦੇ ਲੱਛਣਾਂ ਤੋਂ ਬਾਅਦ 48 ਘੰਟਿਆਂ ਦੇ ਅੰਦਰ ਉਨ੍ਹਾਂ ਦੀ ਮੌਤ ਹੋ ਗਈ।
WHO ਨੇ ਕਿਹਾ ਕਿ 9 ਫਰਵਰੀ ਨੂੰ ਬੋਮੇਟ ਸ਼ਹਿਰ ਵਿਚ ਮੌਜੂਦਾ ਰਹੱਸਮਈ ਬਿਮਾਰੀ ਦਾ ਦੂਜਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ, 13 ਮਾਮਲਿਆਂ ਦੇ ਨਮੂਨੇ ਜਾਂਚ ਲਈ ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਦੇ ਨੈਸ਼ਨਲ ਇੰਸਟੀਚਿਊਟ ਫਾਰ ਬਾਇਓਮੈਡੀਕਲ ਰਿਸਰਚ ਭੇਜੇ ਗਏ ਹਨ। ਕੁਝ ਨਮੂਨੇ ਮਲੇਰੀਆ ਲਈ ਪਾਜ਼ੇਟਿਵ ਪਾਏ ਗਏ।