ਗੁਰੂਆਂ ਦੀਆਂ ਬਖਸ਼ੀਆਂ ਦਾਤਾਂ ਸਦਕਾ ਪੰਜਾਬੀਆਂ ਦੀ ਦੁਨੀਆ ਭਰ ’ਚ ਬੱਲੇ-ਬੱਲੇ, ਮਜ਼ਬੂਤ ਹੋ ਰਹੇ ਪੰਜਾਬੀ ਭਾਈਚਾਰੇ ਨੂੰ ਦਰਸਾ ਰਹੇ ਨੇ ਭਾਸ਼ਾ ਅਤੇ ਉਪਨਾਮ

ਮੈਲਬਰਨ : ਪੰਜਾਬੀ ਭਾਈਚਾਰਾ ਦੁਨੀਆ ਭਰ ’ਚ ਆਪਣੇ ਸੱਭਿਆਚਾਰਕ ਅਸਰ-ਰਸੂਖ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਭਾਸ਼ਾ ਤੋਂ ਲੈ ਕੇ ਉਪਨਾਵਾਂ ਤਕ, ਪੰਜਾਬੀਆਂ ਦਾ ਪ੍ਰਭਾਵ ਬੇਸ਼ੱਕ ਮਜ਼ਬੂਤ ਹੈ ਅਤੇ ਕਈ ਦੇਸ਼ਾਂ ਦੇ ਸੱਭਿਆਚਾਰਕ ਦ੍ਰਿਸ਼ ਨੂੰ ਆਕਾਰ ਦਿੰਦਾ ਰਹਿੰਦਾ ਹੈ।

ਆਸਟ੍ਰੇਲੀਆ ਦੇ ਸਟੇਟ ਵਿਕਟੋਰੀਆ ’ਚ ਪੈਦਾ ਹੋਣ ਵਾਲੇ ਬੱਚਿਆਂ ’ਚੋਂ ਲਗਾਤਾਰ ਛੇਵੇਂ ਸਾਲ ‘ਸਿੰਘ’ ਉਪਨਾਮ ਦੇ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ ਰਹੀ ਹੈ। ਇਸ ਤਰ੍ਹਾਂ ਪੰਜਾਬੀਆਂ ਨੇ ‘ਸਮਿੱਥ’ ਨੂੰ ਸਭ ਤੋਂ ਆਮ ਉਪਨਾਮ ਵਜੋਂ ਪਛਾੜ ਦਿੱਤਾ ਹੈ, ਜੋ ਸਟੇਟ ’ਚ ਪੰਜਾਬੀ ਭਾਈਚਾਰੇ ਦੀ ਵੱਧ ਰਹੀ ਮੌਜੂਦਗੀ ਨੂੰ ਉਜਾਗਰ ਕਰਦਾ ਹੈ। 2024 ’ਚ ਸਿੰਘ ਉਪਨਾਮ ਵਾਲੇ 628 ਬੱਚੇ ਪੈਦਾ ਹੋਏ। ਪੰਜਾਬੀ ਬੋਲੀ ਵਿਕਟੋਰੀਆ ’ਚ ਛੇਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ।

ਦੂਜੇ ਪਾਸੇ ਨਿਊਜ਼ੀਲੈਂਡ ’ਚ ਇੱਕ ਬੇਮਿਸਾਲ ਲੜੀ ਵਿੱਚ ‘ਸਿੰਘ’ ਪੰਜਾਬੀ ਪ੍ਰਵਾਸੀਆਂ ਦੀ ਸਥਾਈ ਵਿਰਾਸਤ ਨੂੰ ਦਰਸਾਉਂਦੇ ਹੋਏ ਲਗਾਤਾਰ ਸੱਤਵੇਂ ਸਾਲ ਸਭ ਤੋਂ ਆਮ ਉਪਨਾਮਾਂ ਦੀ ਸੂਚੀ ਵਿੱਚ ਚੋਟੀ ’ਤੇ ਰਿਹਾ ਹੈ। ਇੱਥੇ 2024 ’ਚ ਸਿੰਘ ਉਪਨਾਮ ਵਾਲੇ 680 ਬੱਚੇ ਪੈਦਾ ਹੋਏ। ਦੂਜੇ ਨੰਬਰ ’ਤੇ ਕੌਰ ਅਤੇ ਤੀਜੇ ’ਤੇ ਪਟੇਲ ਰਿਹਾ।

ਇਹੀ ਨਹੀਂ ਕੈਨੇਡਾ ਦੀ ਗੱਲ ਕਰੀਏ ਤਾਂ ਉਥੇ ਵੀ ਪੰਜਾਬੀਆਂ ਦੀ ਗਿਣਤੀ ਅਤੇ ਅਸਰ-ਰਸੂਖ ਘੱਟ ਨਹੀਂ। ਕਲ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਪੰਜਾਬੀ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ। ਅੰਗਰੇਜ਼ੀ, ਫ਼ਰੈਂਚ ਕੈਨੇਡਾ ਦੀਆਂ ਅਧਿਕਾਰਤ ਭਾਸ਼ਾਵਾਂ ਹਨ, ਜਿਨ੍ਹਾਂ ਤੋਂ ਬਾਅਦ ਇੱਥੇ ਮੈਂਡਰੀਨ ਸਭ ਤੋਂ ਜ਼ਿਆਦਾ ਲੋਕਾਂ (679,260) ਦੀ ਮਾਂ-ਬੋਲੀ ਬੋਲੀ ਜਾਂਦੀ ਹੈ। ਇਸ ਤੋਂ ਬਾਅਦ ਪੰਜਾਬੀ ਲਗਾਤਾਰ ਛੇਵੇਂ ਸਾਲ ਸਭ ਤੋਂ ਵੱਧ ਲੋਕਾਂ (666,580) ਲੋਕਾਂ ਦੀ ਮਾਂ-ਬੋਲੀ ਹੈ।