ਆਸਟ੍ਰੇਲੀਆ ’ਚ ਕਦੋਂ ਹੋਣਗੀਆਂ ਫ਼ੈਡਰਲ ਚੋਣਾਂ? ਲੇਬਰ ਪਾਰਟੀ ਦੇ ਸੂਤਰਾਂ ਨੇ ਦੱਸੀ ਸੰਭਾਵਤ ਤਰੀਕ

ਮੈਲਬਰਨ : ਫੈਡਰਲ ਚੋਣਾਂ ਬਾਰੇ ਕਈ ਮਹੀਨਿਆਂ ਤੋਂ ਕਿਆਸ ਅਰਾਈਆਂ ਚੱਲ ਰਹੀਆਂ ਹਨ ਕਿ ਕਿਹੜੀ ਤਾਰੀਖ ਦੀ ਚੋਣ ਕੀਤੀ ਜਾਵੇਗੀ। ਹੁਣ ਲੇਬਰ ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਫ਼ੈਡਰਲ ਚੋਣਾਂ 12 ਅਪ੍ਰੈਲ ਨੂੰ ਹੋਣ ਦੀ ਸੰਭਾਵਨਾ ਹੈ ਕਿਉਂਕਿ ਐਂਥਨੀ ਅਲਬਾਨੀਜ਼ ਵੈਸਰਨ ਆਸਟ੍ਰੇਲੀਆ (WA) ਦੀਆਂ ਚੋਣਾਂ ਨੂੰ ਪਹਿਲਾਂ ਕਰਵਾਉਣਾ ਚਾਹੁੰਦੇ ਹਨ।

WA ਸਟੇਟ ਦੀਆਂ ਚੋਣਾਂ 8 ਮਾਰਚ ਨੂੰ ਹੋਣੀਆਂ ਹਨ, ਇਸ ਲਈ ਵੈਸਟ ਦੇ ਵੋਟਰਾਂ ਨੂੰ ਦੋ ਚੋਣਾਂ ਦੇ ਵਿਚਕਾਰ ਪੰਜ ਹਫ਼ਤਿਆਂ ਦਾਂ ਸਮਾਂ ਮਿਲੇਗਾ। ਲੇਬਰ ਪਾਰਟੀ ਨੇ ਪਿਛਲੀਆਂ WA ਚੋਣਾਂ ਵਿੱਚ ਭਾਰੀ ਬਹੁਮਤ ਜਿੱਤਿਆ ਸੀ ਅਤੇ ਇਸ ਦੀ ਸਟੇਟ ਸਰਕਾਰ ਦੇ ਸੱਤਾ ਬਰਕਰਾਰ ਰੱਖਣ ਦੀ ਉਮੀਦ ਹੈ।

ਮਾਰਚ ਦੇ ਸ਼ੁਰੂ ਵਿਚ ਫੈਡਰਲ ਚੋਣਾਂ ਬੁਲਾਉਣ ਨਾਲ ਲੇਬਰ ਸਰਕਾਰ ਨੂੰ 25 ਮਾਰਚ ਨੂੰ ਹੋਣ ਵਾਲੇ ਫ਼ੈਡਰਲ ਬਜਟ ਤੋਂ ਬਚਣ ਦਾ ਮੌਕਾ ਵੀ ਮਿਲੇਗਾ। ਪਿਛਲੇ ਦੋ ਬਜਟਾਂ ਵਿੱਚ ਸਰਪਲੱਸ ਦਿਖਾਉਣ ਦੇ ਬਾਵਜੂਦ, ਅਗਲੇ ਬਜਟ ਬਾਰੇ ਬਹੁਤ ਸਾਰੇ ਲੋਕਾਂ ਨੇ ਫ਼ੈਡਰਲ ਖਜ਼ਾਨੇ ਦੇ ਘਾਟੇ ਵਿੱਚ ਰਹਿਦ ਦੀ ਭਵਿੱਖਬਾਣੀ ਕੀਤੀ ਗਈ ਹੈ।

ਹਾਲਾਂਕਿ ਲੇਬਰ ਪਾਰਟੀ ਦੇ ਲਗਭਗ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਵਿਆਜ ਦਰਾਂ ਬਹੁਤ ਉੱਚੀਆਂ ਰਹੀਆਂ ਹਨ, ਪਰ ਸਰਕਾਰ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਵਿਆਜ ਦਰਾਂ ਵਿੱਚ ਕਟੌਤੀ ਦੀ ਉਮੀਦ ਵੀ ਕਰ ਰਹੀ ਹੈ।