ਮੈਲਬਰਨ : ਮੈਲਬਰਨ ਦੇ ਈਸਟ ਇਲਾਕੇ ’ਚ ਪੁਲਿਸ ਪੰਜ ਨੌਂਸਰਬਾਜ਼ਾਂ ਦੀ ਭਾਲ ਕਰ ਰਹੀ ਹੈ ਜੋ ਲੋਕਾਂ ਨੂੰ ਉਨ੍ਹਾਂ ਪਿੱਛੇ ‘ਆਤਮਾਵਾਂ’ ਲੱਗੀਆਂ ਹੋਣ ਦਾ ਡਰਾਵਾ ਦਿੰਦੇ ਸਨ ਅਤੇ ਉਨ੍ਹਾਂ ਦੇ ਹਜ਼ਾਰਾਂ ਡਾਲਰ ਲੁੱਟ ਲੈਂਦੇ ਸਨ। ਇਹ ਸਾਰੇ ਬਾਕਸ ਹਿੱਲ ਦੀ ਸੜਕ ’ਤੇ ਬਜ਼ੁਰਗ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਜਾਂਚਕਰਤਾਵਾਂ ਨੇ ਤਿੰਨ ਔਰਤਾਂ ਅਤੇ ਦੋ ਮਰਦਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਕ੍ਰਾਈਮ ਸਟਾਪਰਜ਼ ਨਾਲ 1800 333 000 ਜਾਂ ਆਨਲਾਈਨ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।
ਸਮੂਹ ਦੀਆਂ ਔਰਤਾਂ ਕਥਿਤ ਤੌਰ ’ਤੇ ਪੀੜਤਾਂ ਨੂੰ ਯਕੀਨ ਦਿਵਾਉਂਦੀਆਂ ਸਨ ਕਿ ਉਨ੍ਹਾਂ ਪਿੱਛੇ ਆਤਮਾ ਲੱਗੀ ਹੋਈ ਹੈ ਅਤੇ ਉਨ੍ਹਾਂ ਨੂੰ ਖ਼ਤਰਾ ਹੈ। ਫਿਰ ਉਹ ਪੀੜਤਾਂ ਦੇ ਬੈਗ ’ਤੇ ਪ੍ਰਾਰਥਨਾ ਕਰ ਕੇ ਪੀੜਤ ਨੂੰ ਆਤਮਾ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕਰਦੇ ਹਨ। ਪੀੜਤ ਨੂੰ ਕੁਝ ਸਮੇਂ ਲਈ ਬੈਗ ਵਿੱਚ ਨਾ ਵੇਖਣ ਲਈ ਕਿਹਾ ਜਾਂਦਾ ਹੈ, ਅਤੇ ਜਦੋਂ ਉਹ ਬੈਗ ’ਚ ਵੇਖਦੇ ਹਨ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਪੈਸੇ ਅਤੇ ਗਹਿਣੇ ਚੋਰੀ ਹੋ ਗਏ ਹਨ।
ਜਾਸੂਸ ਬਾਕਸ ਹਿੱਲ ਵਿਚ ਸਟੇਸ਼ਨ ਸਟ੍ਰੀਟ ’ਤੇ ਤਿੰਨ ਵਿਸ਼ੇਸ਼ ਘਟਨਾਵਾਂ ਦੀ ਜਾਂਚ ਕਰ ਰਹੇ ਹਨ- ਇਕ ਪਿਛਲੇ ਸਾਲ 26 ਨਵੰਬਰ ਨੂੰ ਸਵੇਰੇ 10 ਵਜੇ ਅਤੇ ਦੋ ਪਿਛਲੇ ਸਾਲ 4 ਦਸੰਬਰ ਨੂੰ ਸਵੇਰੇ 9:45 ਵਜੇ ਅਤੇ ਦੁਪਹਿਰ 1:55 ਵਜੇ ਵਾਪਰੀਆਂ। ਕਥਿਤ ਪੀੜਤਾਂ ਨੇ 150,000 ਡਾਲਰ ਤੋਂ ਵੱਧ ਦੀ ਨਕਦੀ ਅਤੇ ਗਹਿਣੇ ਗੁਆ ਦਿੱਤੇ ਹਨ।