ਮੈਲਬਰਨ : ਆਸਟ੍ਰੇਲੀਆ ਵਿੱਚ ਨਵੇਂ ਸਾਲ ਤੋਂ ਕਈ ਨਵੇਂ ਕਾਨੂੰਨ ਵੀ ਲਾਗੂ ਹੋਣ ਜਾ ਰਹੇ ਹਨ। ਆਓ ਜਾਣਦੇ ਹਾਂ ਕੁਝ ਪ੍ਰਮੁੱਖ ਤਬਦੀਲੀਆਂ :
‘ਏਜਡ ਕੇਅਰ’ ਵਰਕਰਾਂ ਦੀ ਤਨਖਾਹ ਵਿੱਚ ਵਾਧਾ: ਬਜ਼ੁਰਗਾਂ ਦੀ ਦੇਖਭਾਲ ਕਰਨ ਦੇ ਖੇਤਰ ਵਿੱਚ ਯੋਗ ਵਰਕਰਾਂ ਨੂੰ ਤਨਖਾਹ ਵਿੱਚ ਵਾਧਾ ਮਿਲੇਗਾ, ਜਿਸ ਦੀ ਰਕਮ ਉਨ੍ਹਾਂ ਦੇ ਕੰਮ ਅਨੁਸਾਰ ਵੱਖ-ਵੱਖ ਹੋਵੇਗੀ।
ਵਧੇ ਹੋਏ ਸੈਂਟਰਲਿੰਕ ਭੁਗਤਾਨ: ਨੌਜਵਾਨ ਆਸਟ੍ਰੇਲੀਆਈ ਲੋਕਾਂ ਲਈ ਕੁਝ ਸੈਂਟਰਲਿੰਕ ਭੁਗਤਾਨ, ਜਿਵੇਂ ਕਿ ‘ਯੂਥ ਅਲੌਇੰਸ’ ਅਤੇ Austudy, ਇੰਡੈਕਸੇਸ਼ਨ ਦੇ ਕਾਰਨ ਥੋੜ੍ਹਾ ਜਿਹਾ ਵਧਣਗੇ।
PBS ਇੰਡੈਕਸੇਸ਼ਨ ਫ੍ਰੀਜ਼: ਫਾਰਮਾਸਿਊਟੀਕਲ ਬੈਨੀਫਿਟਸ ਸਕੀਮ (PBS) ਵਿੱਚ ਸੂਚੀਬੱਧ ਦਵਾਈਆਂ ਦੀਆਂ ਕੀਮਤਾਂ 2025 ਲਈ ਫ੍ਰੀਜ਼ ਕੀਤੀਆਂ ਜਾਣਗੀਆਂ, ਯਾਨੀਕਿ ਕੀਮਤਾਂ ’ਚ ਕੋਈ ਵਾਧਾ ਨਹੀਂ ਹੋਵੇਗਾ। ਰਿਆਇਤ ਕਾਰਡ ਧਾਰਕਾਂ ਲਈ, ਇਹ ਫ੍ਰੀਜ਼ ਪੰਜ ਸਾਲਾਂ ਲਈ ਜਾਰੀ ਰਹੇਗੀ।
ਘੱਟ ਤਨਖਾਹ ਦੇਣਾ ਹੋਵੇਗਾ ਅਪਰਾਧ: ਜਿਹੜੇ ਇੰਪਲਏਅਰ ਜਾਣਬੁੱਝ ਕੇ ਆਪਣੇ ਵਰਕਰਾਂ ਨੂੰ ਘੱਟ ਤਨਖਾਹ ਦਿੰਦੇ ਹਨ, ਉਨ੍ਹਾਂ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ, ਵਿਅਕਤੀਆਂ ਲਈ ਵੱਧ ਤੋਂ ਵੱਧ 1.65 ਮਿਲੀਅਨ ਡਾਲਰ ਅਤੇ ਕੰਪਨੀਆਂ ਲਈ 8.25 ਮਿਲੀਅਨ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।
ਵਹੀਕਲ ਕੁਸ਼ਲਤਾ ਮਾਪਦੰਡ: ਆਸਟ੍ਰੇਲੀਆ ਵਿੱਚ ਵਿਕਣ ਵਾਲੀਆਂ ਨਵੀਆਂ ਕਾਰਾਂ ਇੱਕ ਨਿਰਧਾਰਤ ਔਸਤ ਕਾਰਬਨ ਡਾਈਆਕਸਾਈਡ ਟੀਚੇ ਦੇ ਅਧੀਨ ਹੋਣਗੀਆਂ, ਨਿਰਮਾਤਾ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਲਈ ਕ੍ਰੈਡਿਟ ਪ੍ਰਾਪਤ ਕਰਨਗੇ।
ਪਾਸਪੋਰਟ ਫੀਸ ਵਿੱਚ ਵਾਧਾ: ਬਾਲਗਾਂ ਲਈ ਪਾਸਪੋਰਟ ਲਈ ਅਰਜ਼ੀ ਦੇਣ ਦੀ ਲਾਗਤ 14 ਡਾਲਰ ਵਧ ਕੇ 412 ਡਾਲਰ ਹੋ ਜਾਵੇਗੀ।
ਵਿਕਟੋਰੀਅਨ ਸ਼ਾਰਟ ਸਟੇਅ ਲੇਵੀ: ਵਿਕਟੋਰੀਆ ਵਿੱਚ ਪ੍ਰਾਪਰਟੀ ਮਾਲਕ ਜੋ ਲਗਾਤਾਰ 28 ਦਿਨਾਂ ਤੋਂ ਘੱਟ ਸਮੇਂ ਲਈ ਰਿਹਾਇਸ਼ ਲਈ ਬੁਕਿੰਗ ਸਵੀਕਾਰ ਕਰਦੇ ਹਨ, ਉਨ੍ਹਾਂ ਨੂੰ ਕੁੱਲ ਬੁਕਿੰਗ ਫੀਸ ’ਤੇ 7.5٪ ਟੈਕਸ ਦੇਣਾ ਪਵੇਗਾ।