ਮੈਲਬਰਨ : ਅਮਰੀਕਾ ਦੀ ਇੱਕ ਜਥੇਬੰਦੀ ‘ਸਿੱਖਜ ਫਾਰ ਜਸਟਿਸ’ ਵੱਲੋਂ ਭਾਰਤ ’ਚ ਵੱਖਰਾ ਅਜ਼ਾਦ ਮੁਲਕ ‘ਖਾਲਿਸਤਾਨ’ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਕਰਵਾਈ ਜਾ ਰਹੀ ਰਾਇਸ਼ੁਮਾਰੀ ਦੀ ਕੜੀ ’ਚ ਇੱਕ ਹੋਰ ਪੜਾਅ ਮੁਕੰਮਲ ਕਰ ਲਿਆ ਗਿਆ। ਨਿਊਜ਼ੀਲੈਂਡ ’ਚ ਐਤਵਾਰ 17 ਨਵੰਬਰ ਨੂੰ ਕਰਵਾਏ ਗਏ ‘ਰੈਫਰੈਂਡਮ 2020’ ਵਾਸਤੇ ਵੋਟਾਂ ਪੁਆਉਣ ਦਾ ਕੰਮ ਅਮਨ-ਸ਼ਾਂਤੀ ਨਾਲ ਮੁਕੰਮਲ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੇ ਸਭ ਵੱਡੇ ਸ਼ਹਿਰ ਆਕਲੈਂਡ ਦੀ ਸਭ ਤੋਂ ਵੱਧ ਚਹਿਲ-ਪਹਿਲ ਵਾਲੀ ਕੁਈਨਜ਼ ਸਟਰੀਟ ’ਤੇ ‘ਔਟੀਆ ਸੁਕੇਅਰ’ ’ਤੇ ਵੋਟਾਂ ਪੁਆਉਣ ਲਈ ‘ਵੋਟਿੰਗ ਸੈਂਟਰ’ ਬਣਾਇਆ ਗਿਆ ਸੀ, ਜਿੱਥੇ ਖਾਲਿਸਤਾਨ ਸਮਰਥਕ ਖਾਲਿਸਤਾਨੀ ਝੰਡੇ ਲੈ ਕੇ ਪਹੁੰਚੇ।
ਪੰਜ ਪਿਆਰਿਆਂ ਵੱਲੋਂ ਕੀਤੀ ਗਈ ਅਰਦਾਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਨਾਲ ਪੰਜ ਸਿੰਘ ਸਾਹਿਬਾਨਾਂ ਨੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਕੀਤਾ। ਜਿਸ ਪਿੱਛੋਂ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਕੰਵਲਜੀਤ ਸਿੰਘ ਸੁਲਤਾਨਵਿੰਡ ਤੇ ਹੋਰ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਨੇ ਵੋਟਾਂ ਪਾਈਆਂ। ਬਾਅਦ ’ਚ ਆਮ ਸਮਰਥਕ ਸ਼ਾਮ ਤੱਕ ਕਤਾਰਾਂ ’ਚ ਲੱਗ ਕੇ ਵੋਟਾਂ ਪਾਉਂਦੇ ਰਹੇ ਅਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹੇ।
ਇਸ ਮੌਕੇ ਹੋਰ ਦੇਸ਼ਾਂ ਤੋਂ ਆਏ ਸਮਰਥਕ ਵੀ ਜਥੇਬੰਦੀ ਦੇ ‘ਆਨਲਾਈਨ’ ਪੋਰਟਲ’ ’ਤੇ ਆਪਣੇ ਵਿਚਾਰ ਸਾਂਝੇ ਕਰਦੇ ਰਹੇ ਅਤੇ ਆਪੋ-ਆਪਣੇ ਤਜਰਬੇ ਦੇ ਅਧਾਰ ’ਤੇ ਮੁਹਿੰਮ ਦਾ ਸਮਰਥਨ ਕਰਨ ਬਾਰੇ ਆਪਣਾ ਤਰਕ ਦਿੰਦੇ ਰਹੇ।
ਇਸ ਮੌਕੇ ਆਕਲੈਂਡ ’ਚ ਸ਼ੇਰ-ਏ-ਪੰਜਾਬ ਰੈਸਟੋਰੈਂਟ ਚਲਾਉਣ ਵਾਲੇ ਬਿੱਲਾ ਢਿੱਲੋਂ ਨੇ ਰੋਸ ਜ਼ਾਹਰ ਕੀਤਾ ਕਿ ਨਿਊਜ਼ੀਲੈਂਡ ਦੇ ਸਿੱਖਾਂ ਵੱਲੋਂ ਚਲਾਏ ਜਾਣ ਵਾਲੇ ਮੀਡੀਆ ਅਦਾਰਿਆਂ ਨੇ ਮੌਕੇ ਸਿਰ ਪਹੁੰਚ ਕੇ ਕਵਰੇਜ ਨਹੀਂ ਕੀਤੀ ਅਤੇ ਨਿਊਜ਼ੀਲੈਂਡ ਦਾ ਕੋਈ ਸਿੱਖ ਆਗੂ ਵੀ ਰੈਫਰੈਂਡਮ ’ਚ ਨਹੀਂ ਪਹੁੰਚਿਆ।
ਇਸ ਰੈਫਰੈਡਮ ਦੇ ਪ੍ਰਚਾਰ ਦੌਰਾਨ ਭਾਵੇਂ ਪਹਿਲਾਂ ਨਿਊਜ਼ੀਲੈਂਡ ’ਚ ਰਹਿ ਰਹੇ ਭਾਰਤੀ ਮੂਲ ਦੇ ਕੁੱਝ ਲੋਕਾਂ ਨੇ ਇਤਰਾਜ਼ ਕੀਤਾ ਸੀ ਅਤੇ ਇਸ ਨੂੰ ਰੋਕੇ ਜਾਣ ਬਾਰੇ ਪੁਲੀਸ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਐਤਵਾਰ ਨੂੰ ਵੋਟਿੰਗ ਦੌਰਾਨ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਅਤੇ ਸਾਰਾ ਵੋਟਿੰਗ ਅਮਲ ਸ਼ਾਂਤੀ ਨਾਲ ਨਿਬੜ ਗਿਆ।
ਜ਼ਿਕਰਯੋਗ ਹੈ ਕਿ ‘ਸਿੱਖਜ ਫਾਰ ਜਸਟਿਸ’ ’ਤੇ ਭਾਰਤ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ।