‘ਪੇਪਰ ਲੀਕ’ ਹੋਣ ਮਗਰੋਂ ਵਿਕਟੋਰੀਆ ਸਕੂਲ ਪ੍ਰੀਖਿਆ ਅਥਾਰਟੀ ਦੀ CEO ਨੇ ਦਿੱਤਾ ਅਸਤੀਫ਼ਾ, ਪੂਰੇ ਦੇਸ਼ ’ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਹੋਵੇਗੀ ਜਾਂਚ

ਮੈਲਬਰਨ : ਵਿਕਟੋਰੀਆ ਸਕੂਲ ਪ੍ਰੀਖਿਆ ਅਥਾਰਟੀ ਦੀ CEO Kylie White ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਿੱਖਿਆ ਮੰਤਰੀ ਬੇਨ ਕੈਰੋਲ ਨੇ ਪੁਸ਼ਟੀ ਕੀਤੀ ਕਿ Kylie White ਤੁਰੰਤ ਅਹੁਦਾ ਛੱਡ ਦੇਣਗੇ। ਪੱਕਾ ਬਦਲ ਮਿਲਣ ਤਕ ਉਨ੍ਹਾਂ ਦੀ ਥਾਂ ਵਿਕਟੋਰੀਅਨ ਅਕੈਡਮੀ ਆਫ਼ ਟੀਚਿੰਗ ਐਂਡ ਲੀਡਰਸ਼ਿਪ ਦੀ ਮੁੱਖ ਕਾਰਜਕਾਰੀ Marcia Devlin ਆਰਜ਼ੀ ਤੌਰ ’ਤੇ ਅਹੁਦਾ ਸੰਭਾਲਣਗੇ।

ਕੀ ਹੈ ਮਾਮਲਾ?

ਇਹ ਅਸਤੀਫ਼ਾ VCE ਇਮਤਿਹਾਨ ਦੇ ਕੁੱਝ ਸਵਾਲ ਗ਼ਲਤੀ ਨਾਲ ਪੇਪਰ ਤੋਂ ਪਹਿਲਾਂ ਹੀ ਲੀਕ ਹੋ ਜਾਣ ਦੀ ਘਟਨਾ ਤੋਂ ਬਾਅਦ ਆਇਆ ਹੈ। ਦਰਅਸਲ ਵਿਦਿਆਰਥੀਆਂ ਨੂੰ ਪੇਪਰ ਬਾਰੇ ਹਦਾਇਤਾਂ ਜਾਰੀ ਕਰਨ ਲਈ VCAA ਦੀ ਵੈੱਬਸਾਈਟ ’ਤੇ ਕੁੱਝ ਸੈਂਪਲ ਕਵਰ ਸ਼ੀਟਾਂ ਜਾਰੀ ਕੀਤੀਆਂ ਗਈਆਂ ਸਨ। ਹਦਾਇਤਾਂ ਵਾਲੇ ਹਿੱਸੇ ਨੂੰ ਛੱਡ ਕੇ ਬਾਕੀ ਹਿੱਸੇ ਨੂੰ ਪਾਰਦਰਸ਼ੀ ਕਰ ਦਿੱਤਾ ਗਿਆ ਸੀ ਪਰ ਜੇਕਰ ਇਸ ਨੂੰ ਸਿਲੈਕਟ ਕਰ ਕੇ ਕਿਸੇ ਕੰਪਿਊਟਰ ਦੇ ਕਿਸੇ ਵੀ ‘Text Editor’ ’ਚ ਪੇਸਟ ਕਰ ਦਿੱਤਾ ਜਾਵੇ ਤਾਂ ਇਸ ਸਮੱਗਰੀ ਨੂੰ ਵੇਖਿਆ ਜਾ ਸਕਦਾ ਸੀ। ਕੁੱਝ Text ਅਸਲ ਇਮਤਿਹਾਨ ’ਚ ਆਏ ਸਵਾਲ ਜਾਂ ਉਨ੍ਹਾਂ ਨਾਲ ਮਿਲਦੇ-ਜੁਲਦੇ ਸਨ।

ਸਿੱਖਿਆ ਮੰਤਰੀ ਨਾਰਾਜ਼

ਸਿੱਖਿਆ ਮੰਤਰੀ ਨੇ ਇਸ ਘਟਨਾ ’ਤੇ ਬਹੁਤ ਨਿਰਾਸ਼ਾ ਅਤੇ ਗੁੱਸਾ ਜ਼ਾਹਰ ਕੀਤਾ ਅਤੇ ਪ੍ਰਭਾਵਿਤ ਵਿਦਿਆਰਥੀਆਂ ਤੋਂ ਮੁਆਫੀ ਮੰਗੀ। ਚਿੰਤਾਵਾਂ ਨੂੰ ਦੂਰ ਕਰਨ ਲਈ, ਰਾਸ਼ਟਰੀ ਪੱਧਰ ’ਤੇ ਇੱਕ ਮਾਨਤਾ ਪ੍ਰਾਪਤ ਮੁਲਾਂਕਣ ਸਾਧਨ ਦੀ ਵਰਤੋਂ ਨਾਲ ਉਨ੍ਹਾਂ ਵਿਦਿਆਰਥੀਆਂ ਦੀ ਪਛਾਣ ਕੀਤੀ ਜਾਏਗੀ ਜਿਨ੍ਹਾਂ ਨੇ ਉਮੀਦ ਕੀਤੇ ਪੱਧਰਾਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ, ਅਤੇ ਉਨ੍ਹਾਂ ਦੇ ਨਤੀਜਿਆਂ ਦੀ ਜਾਂਚ ਇਹ ਦੇਖਣ ਲਈ ਕੀਤੀ ਜਾਵੇਗੀ ਕਿ ਕੀ ਉਨ੍ਹਾਂ ਨੂੰ ਕੋਈ ਨਾਜਾਇਜ਼ ਫਾਇਦਾ ਤਾਂ ਨਹੀਂ ਮਿਲਿਆ!