ਜੇ ਆਸਟ੍ਰੇਲੀਆਈ ਜਨਤਾ ਰਿਪਬਲਿਕ ਬਣਨ ਲਈ ਵੋਟ ਕਰਦੀ ਹੈ ਤਾਂ ਦਖ਼ਲ ਨਹੀਂ ਦੇਵਾਂਗਾ : ਕਿੰਗ ਚਾਰਲਸ

ਮੈਲਬਰਨ : ਅਗਲੇ ਹਫ਼ਤੇ ਆਸਟ੍ਰੇਲੀਆ ਦੇ ਸ਼ਾਹੀ ਦੌਰੇ ਤੋਂ ਪਹਿਲਾਂ ਕਿੰਗ ਚਾਰਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੇ ਆਸਟ੍ਰੇਲੀਆਈ ਜਨਤਾ ਦੇਸ਼ ਨੂੰ ਰਿਪਬਲਿਕ ਬਣਾਉਣ ਲਈ ਵੋਟ ਕਰਦੀ ਹੈ ਤਾਂ ਉਹ ਦਖ਼ਲ ਨਹੀਂ ਦੇਣਗੇ। ‘ਆਸਟ੍ਰੇਲੀਅਨ ਰਿਪਬਲਿਕ ਮੂਵਮੈਂਟ’ ਨੇ ਬਕਿੰਘਮ ਪੈਲੇਸ ਨੂੰ ਇਕ ਚਿੱਠੀ ਭੇਜ ਕੇ ਕਿੰਗ ਨਾਲ ਮੁਲਾਕਾਤ ਦੀ ਬੇਨਤੀ ਕੀਤੀ ਸੀ। ਕਿੰਗ ਚਾਰਲਸ ਦੀ ਵੱਲੋਂ ਜਵਾਬ ਦਿੰਦੇ ਹੋਏ ਸਕੱਤਰ ਡਾ. ਨਾਥਨ ਰੌਸ ਨੇ ਕਿਹਾ ਕਿ ਜੇਕਰ ਆਸਟ੍ਰੇਲੀਆਈ ਲੋਕ ਉਨ੍ਹਾਂ ਨੂੰ ਸਟੇਟ ਮੁਖੀ ਵਜੋਂ ਹਟਾਉਣ ਦਾ ਫ਼ੈਸਲਾ ਕਰਦੇ ਹਨ ਤਾਂ ਉਹ ਵਿਰੋਧ ਨਹੀਂ ਕਰਨਗੇ। ਰੌਸ ਨੇ ਕਿਹਾ, ‘‘ਮਹਾਰਾਜ, ਇਕ ਸੰਵਿਧਾਨਕ ਬਾਦਸ਼ਾਹ ਵਜੋਂ ਅਪਣੇ ਮੰਤਰੀਆਂ ਦੀ ਸਲਾਹ ’ਤੇ ਕੰਮ ਕਰਦੇ ਹਨ ਅਤੇ ਕੀ ਆਸਟ੍ਰੇਲੀਆ ਇਕ ਗਣਰਾਜ ਬਣਦਾ ਹੈ ਜਾਂ ਨਹੀਂ, ਇਸ ਸਬੰਧੀ ਫ਼ੈਸਲਾ ਆਸਟ੍ਰੇਲੀਆ ਦੇ ਲੋਕਾਂ ਨੇ ਹੀ ਕਰਨਾ ਹੈ। ਇਸ ਬਾਰੇ ਤੁਹਾਡੇ ਵਿਚਾਰਾਂ ਨੂੰ ਬਹੁਤ ਧਿਆਨ ਨਾਲ ਨੋਟ ਕਰ ਲਿਆ ਗਿਆ ਹੈ।’’