ਧੀ ਦਾ ਜ਼ਬਰਦਸਤੀ ਵਿਆਹ ਕਰਨ ਦੇ ਦੋਸ਼ ’ਚ ਮਾਂ ਨੂੰ ਤਿੰਨ ਸਾਲ ਦੀ ਕੈਦ, ਸਜ਼ਾ ਸੁਣਾਉਂਦਿਆਂ ਹੀ ਅਦਾਲਤ ’ਚ ਪਿਆ ਚੀਕ-ਚਿਹਾੜਾ

ਮੈਲਬਰਨ : ਸਕੀਨਾ ਮੁਹੰਮਦ ਜਾਨ (48) ਨੂੰ ਆਪਣੀ 20 ਸਾਲ ਦੀ ਧੀ ਰੁਕੀਆ ਹੈਦਰੀ ਦਾ ਜ਼ਬਰਦਸਤੀ ਵਿਆਹ ਕਰਨ ਦੇ ਜੁਰਮ ’ਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਰੁਕੀਆ ਹੈਦਰੀ ਦਾ ਮੁਹੰਮਦ ਅਲੀ ਹਲੀਮੀ ਨਾਲ ਅਗਸਤ 2019 ’ਚ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ ਸੀ ਜਿਸ ਨੇ ਵਿਆਹ ਤੋਂ 6 ਕੁ ਮਹੀਨੇ ਬਾਅਦ ਹੀ ਉਸ ਦਾ ਕਤਲ ਕਰ ਦਿੱਤਾ ਸੀ। ਇਹ ਰੁਕੀਆ ਹੈਦਰੀ ਦਾ ਦੁਜਾ ਵਿਆਹ ਸੀ। ਪਹਿਲੇ ਵਿਆਹ ਤੋਂ ਉਸ ਦਾ ਤਲਾਕ ਹੋ ਗਿਆ ਸੀ।

ਸਜ਼ਾ ਸੁਣਦਿਆਂ ਸਾਰ ਅਫ਼ਗਾਨਿਸਤਾਨ ਤੋਂ ਆਪਣੇ ਪਰਿਵਾਰ ਨਾਲ ਭੱਜ ਕੇ ਆਸਟ੍ਰੇਲੀਆਈ ਆਈ ਸਕੀਨਾ ਜੱਜ ਸਾਹਮਣੇ ਰੋ-ਕੁਰਲਾ ਉੱਠੀ ਅਤੇ ਮੰਗ ਕਰਨ ਲੱਗੀ ਕਿ ਉਸ ਨੇ ਕੁੱਝ ਵੀ ਗ਼ਲਤ ਨਹੀਂ ਕੀਤਾ ਅਤੇ ਉਸ ਨੂੰ ਸਜ਼ਾ ਮਨਜ਼ੂਰ ਨਹੀਂ। ਸਜ਼ਾ ਦਾ ਹੁਕਮ ਸੁਣ ਕੇ ਉਸ ਦਾ ਇੱਕ ਹਮਾਇਤ ਅਦਾਲਤ ਬਾਹਰ ਬੇਹੋਸ਼ ਵੀ ਹੋ ਗਿਆ। ਸਕੀਨਾ ਆਸਟ੍ਰੇਲੀਆ ਵਿਚ ਪਹਿਲੀ ਵਿਅਕਤੀ ਹੈ ਜਿਸ ਨੂੰ ਕਿਸੇ ਵਿਅਕਤੀ ਨੂੰ ਜ਼ਬਰਦਸਤੀ ਵਿਆਹ ਕਰਵਾਉਣ ਲਈ ਸਜ਼ਾ ਸੁਣਾਈ ਗਈ ਹੈ। ਇਸ ਬਾਰੇ ਕਾਨੂੰਨ 2013 ’ਚ ਬਣਿਆ ਸੀ। ਉਸ ’ਤੇ ਦੋਸ਼ ਸੀ ਕਿ ਹਜ਼ਾਰਾ ਭਾਈਚਾਰੇ ਵਿੱਚ ਆਪਣੇ ਪਰਿਵਾਰ ਦੀ ਸਾਖ ਬਹਾਲ ਕਰਨ ਲਈ ਉਸ ਨੇ ਅਾਪਣੀ ਧੀ ਦਾ ਜ਼ਬਰਦਸਤੀ ਵਿਆਹ ਕਰ ਦਿੱਤਾ ਸੀ।

ਆਪਣੀ ਧੀ ਵੱਲੋਂ ਵਾਰ-ਵਾਰ ਮੰਗਣੀ ਖਤਮ ਕਰਨ ਦੀਆਂ ਬੇਨਤੀਆਂ ਦੇ ਬਾਵਜੂਦ, ਸਕੀਨਾ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਵਿਆਹ ਨੂੰ ਜਾਰੀ ਰੱਖੇਗੀ। ਜੱਜ ਨੇ ਪਾਇਆ ਕਿ ਜਾਨ ਨੇ ਆਪਣੇ ਕੰਮਾਂ ਲਈ ਕੋਈ ਪਛਤਾਵਾ ਨਹੀਂ ਦਿਖਾਇਆ ਅਤੇ ਇੱਕ ਮਾਂ ਵਜੋਂ ਆਪਣੀ ਸ਼ਕਤੀ ਦੀ ਦੁਰਵਰਤੋਂ ਕੀਤੀ।

ਹਾਲਾਂਕਿ ਜੱਜ ਨੇ ਉਸ ਨੂੰ ਡਿਪੋਰਟ ਹੋਣ ਤੋਂ ਰੋਕਣ ਲਈ 12 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਕੱਢਣ ਦੇ ਹੁਕਮ ਜਾਰੀ ਕੀਤੇ। ਕਿਉਂਕਿ ਆਸਟ੍ਰੇਲੀਆ ਦੇ ਕਾਨੂੰਨ ਅਨੁਸਾਰ 12 ਮਹੀਨਿਆਂ ਤੋਂ ਵੱਧ ਜੇਲ੍ਹ ’ਚ ਰਹਿਣ ਵਾਲੇ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਹੈ।