ਮਾਸਾਹਾਰੀ ਅਤੇ ਸ਼ਾਕਾਹਾਰੀ ਖੁਰਾਕ ਦਾ ਉਮਰ ’ਤੇ ਕੀ ਅਸਰ ਪੈਂਦਾ ਹੈ? ਜਾਣੋ, ਕੀ ਕਹਿੰਦੈ ਨਵਾਂ ਅਧਿਐਨ

ਮੈਲਬਰਨ : ਮੀਟ ਖਾਣ ਦੇ ਚਾਹਵਾਨਾਂ ਲਈ ਬੁਰੀ ਖ਼ਬਰ ਹੈ। ਨਵੀਂ ਖੋਜ ’ਚ ਸਾਹਮਣੇ ਆਇਆ ਹੈ ਕਿ ਸ਼ਾਕਾਹਾਰੀ ਖਾਣਾ ਤੁਹਾਡੇ ਸਰੀਰ ਦੇ ਬੁੱਢਾ ਹੋਣ ਦੀ ਰਫ਼ਤਾਰ ਨੂੰ ਘੱਟ ਕਰ ਸਕਦਾ ਹੈ। ਖੋਜਕਰਤਾਵਾਂ ਨੇ ਇਹ ਖੋਜ 21 ਜੁੜਵਾਂ ਪੈਦਾ ਹੋਏ ਲੋਕਾਂ ’ਤੇ ਕੀਤੀ। ਇਨ੍ਹਾਂ ਵਿੱਚੋਂ ਇਕ ਨੂੰ ਅੱਠ ਹਫਤਿਆਂ ਲਈ ਮਾਸਾਹਾਰ ਵਾਲੀ ਖੁਰਾਕ ਦਿੱਤੀ, ਜਦੋਂ ਕਿ ਉਨ੍ਹਾਂ ਦੇ ਭੈਣ-ਭਰਾ ਨੂੰ ਸ਼ਾਕਾਹਾਰੀ ਖੁਰਾਕ ਦਿੱਤੀ ਗਈ।

ਮਾਸਾਹਾਰੀ ਖੁਰਾਕ ਵਿੱਚ ਪ੍ਰਤੀ ਦਿਨ 170 ਤੋਂ 225 ਗ੍ਰਾਮ ਮੀਟ, ਇੱਕ ਆਂਡਾ ਅਤੇ ਦੁੱਧ ਦਾ ਡੇਢ ਗਲਾਸ ਸ਼ਾਮਲ ਸਨ। ਅਧਿਐਨ ਦੇ ਸ਼ੁਰੂ, ਚੌਥੇ ਅਤੇ ਅੱਠਵੇਂ ਹਫਤੇ ਵਿੱਚ ਇਕੱਤਰ ਕੀਤੇ ਖੂਨ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕਰ ਕੇ ਭਾਗੀਦਾਰ ਦੇ ਡੀ.ਐਨ.ਏ. ਅਤੇ ਜੀਨ ਕਿਰਿਆਸ਼ੀਲਤਾ ’ਤੇ ਖੁਰਾਕ ਦੇ ਅਸਰ ਦੀ ਜਾਂਚ ਕੀਤੀ। ਅਧਿਐਨ ਦੇ ਅੰਤ ’ਚ ਪਤਾ ਲੱਗਾ ਕਿ ਜਿਨ੍ਹਾਂ ਨੇ ਸ਼ਾਕਾਹਾਰੀ ਖੁਰਾਕ ਖਾਧੀ ਸੀ ਉਨ੍ਹਾਂ ਦੀ ਜੈਵਿਕ ਉਮਰ ਵਿੱਚ ਕਮੀ ਦੇਖੀ ਗਈ। ਇਸ ਨੂੰ ਐਪੀਜੈਨੇਟਿਕ ਬੁਢਾਪੇ ਦੀਆਂ ਘੜੀਆਂ ਵਜੋਂ ਵੀ ਜਾਣਿਆ ਜਾਂਦਾ ਹੈ, ਯਾਨੀਕਿ ਉਨ੍ਹਾਂ ਦੇ ਸਰੀਰ ਦੇ ਬਜ਼ੁਰਗ ਹੋਣ ਦੀ ਰਫ਼ਤਾਰ ਘੱਟ ਰਹੀ। ਪਰ ਇਹ ਉਨ੍ਹਾਂ ਲੋਕਾਂ ਵਿੱਚ ਨਹੀਂ ਘਟੀ ਜਿਨ੍ਹਾਂ ਨੇ ਮਾਸਾਹਾਰੀ ਖੁਰਾਕ ਖਾਧੀ ਸੀ।

ਸ਼ਾਕਾਹਾਰੀ ਖਾਣ ਵਾਲਿਆਂ ਦੇ ਦਿਲ, ਹਾਰਮੋਨ, ਜਿਗਰ ਅਤੇ ਸੋਜਸ਼ ਅਤੇ ਪਾਚਕ ਪ੍ਰਣਾਲੀਆਂ ਦੀ ਉਮਰ ਵਿੱਚ ਵੀ ਕਮੀ ਵੇਖੀ। ਖੋਜਕਰਤਾਵਾਂ ਨੇ ਕਿਹਾ ਕਿ ਸ਼ਾਕਾਹਾਰੀ ਖੁਰਾਕ ਦੇ ਲੰਬੇ ਸਮੇਂ ਦੇ ਅਸਰਾਂ ਤੋਂ ਇਲਾਵਾ, ਖੁਰਾਕ ਦੀ ਬਣਤਰ, ਭਾਰ ਅਤੇ ਬੁਢਾਪੇ ਦੇ ਵਿਚਕਾਰ ਸਬੰਧਾਂ ਦੀ ਜਾਂਚ ਕਰਨ ਲਈ ਹੋਰ ਖੋਜ ਦੀ ਜ਼ਰੂਰਤ ਹੈ। ਇਹ ਅਧਿਐਨ BMC ਮੈਡੀਸਨ ਜਰਨਲ ਵਿੱਚ ਪ੍ਰਕਾਸ਼ਤ ਹੋਇਆ ਸੀ।