ਆਸਟ੍ਰੇਲੀਆ ’ਚ ਵਿਆਜ ਰੇਟ ਨਾ ਘਟੇ ਤਾਂ 165,000 ਲੋਕ ਘਰ ਵੇਚਣ ਲਈ ਹੋ ਸਕਦੇ ਨੇ ਮਜਬੂਰ : ਨਵਾਂ ਸਰਵੇ

ਮੈਲਬਰਨ : ਅਗਲੇ ਸਾਲ ਵੀ ਵਿਆਜ ਰੇਟ ਉੱਚੇ ਰਹਿਣ ਦੀ ਸੰਭਾਵਨਾ ਕਾਰਨ ਲਗਭਗ 1,65,000 ਮਕਾਨ ਮਾਲਕ ਘਰ ਵੇਚਣ ਲਈ ਮਜਬੂਰ ਹੋ ਸਕਦੇ ਹਨ। ਇੱਕ ਨਵੇਂ ਸਰਵੇ ’ਚ ਇਹ ਗੱਲ ਸਾਹਮਣੇ ਆਈ ਹੈ। Finder ਦੇ ਸਰਵੇ ਵਿਚ 1012 ਉੱਤਰਦਾਤਾਵਾਂ ਵਿਚੋਂ 27 ਫ਼ੀਸਦੀ (ਯਾਨਿਕੀ ਲਗਭਗ 891,000 ਲੋਕਾਂ ਦੇ ਬਰਾਬਰ) ਨੇ ਕਿਹਾ ਕਿ ਉਹ ਉੱਚੇ ਕੈਸ਼ ਰੇਟ ਲਈ ਤਿਆਰ ਨਹੀਂ। ਖੋਜ ਮੁਤਾਬਕ ਜੇਕਰ ਅਗਲੇ ਸਾਲ ਤੱਕ ਕੀਮਤਾਂ ‘ਚ ਗਿਰਾਵਟ ਨਹੀਂ ਆਈ ਤਾਂ 1,65,000 ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ 5 ਫੀਸਦੀ ਲੋਕਾਂ ਨੂੰ ਆਪਣਾ ਘਰ ਵੇਚਣਾ ਪਵੇਗਾ। ਲਗਭਗ ਇੰਨੇ ਹੀ ਲੋਕਾਂ ਨੂੰ ਆਪਣੀ ਮੋਰਗੇਜ ਦੇ ਭੁਗਤਾਨ ਲਈ ਦੂਜੀ ਨੌਕਰੀ ਕਰਨੀ ਪੈ ਰਹੀ ਹੈ।

Finder ਦੀ ਨਿੱਜੀ ਵਿੱਤ ਮਾਹਰ Sarah Megginson ਨੇ ਕਿਹਾ ਕਿ ਅਗਲੇ ਸਾਲ ਤੱਕ ਵਿਆਜ ਰੇਟ ਉੱਚੇ ਰਹਿਣ ਦਾ ਅਨੁਮਾਨ ਹੈ। ਮੌਰਗੇਜ ਦਾ ਭੁਗਤਾਨ ਕਰਨ ਲਈ ਲੋਕ ਘਰੇਲੂ ਖਰਚਿਆਂ ‘ਚ ਕਮੀ ਕਰ ਰਹੇ ਹਨ। 3 ਫ਼ੀਸਦੀ ਲੋਕਾਂ ਨੂੰ ਆਪਣੇ ਘਰ ਵਿੱਚ ਇੱਕ ਕਮਰਾ ਕਿਰਾਏ ’ਤੇ ਦੇਣਾ ਪਿਆ, ਅਤੇ 2 ਫ਼ੀਸਦੀ ਨੇ ਆਪਣੇ ਕਰਜ਼ਦਾਤਾ ਨੂੰ ਮੁੜ ਭੁਗਤਾਨ ’ਚ ਕੁੱਝ ਸਮਾਂ ਉਡੀਕ ਕਰਨ ਲਈ ਕਿਹਾ। ਕੇਂਦਰੀ ਬੈਂਕ ਦੀ ਅਗਲੀ ਦੋ ਦਿਨਾਂ ਬੋਰਡ ਮੀਟਿੰਗ 5 ਅਗਸਤ ਤੋਂ ਹੋਵੇਗੀ।