ਮੈਲਬਰਨ : ਫਿਜੀ ਦੇ Suva ’ਚ ਸਥਿਤ ਪ੍ਰਸਿੱਧ ਪੰਜਾਬੀ ਰੈਸਟੋਰੈਂਟ ਮਾਇਆ ਢਾਬਾ ’ਚ ਚੋਰਾਂ ਨੇ 10,000 ਤੋਂ 15,000 ਡਾਲਰ ਦੀ ਨਕਦੀ ਅਤੇ 2,500 ਡਾਲਰ ਦੀ ਸ਼ਰਾਬ ਚੋਰੀ ਕਰ ਲਈ। ਦੁਕਾਨ ਦੇ ਮਾਲਕ ਹਰਮਿੰਦਰ ਸਿੰਘ ਨੇ ਇਸ ਘਟਨਾ ਨੂੰ ਉਨ੍ਹਾਂ ਲਈ ਇਕ ਵੱਡਾ ਝਟਕਾ ਦੱਸਿਆ ਹੈ, ਖ਼ਾਸਕਰ ਛੁੱਟੀਆਂ ਦੇ ਸਫਲ ਮੌਸਮ ਤੋਂ ਬਾਅਦ। ਚੋਰਾਂ ਨੇ ਪਿਛਲੇ ਦਰਵਾਜ਼ੇ ਤੋਂ ਅੰਦਰ ਦਾਖਲ ਹੋ ਕੇ ਦਫਤਰ ਵਿਚ ਭੰਨਤੋੜ ਕੀਤੀ ਅਤੇ CCTV ਕੈਮਰਾ ਡੀਕੋਡਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਹਰਮਿੰਦਰ ਸਿੰਘ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਵਧਾਉਣ ਦੀ ਮੰਗ ਕਰ ਰਹੇ ਹਨ ਅਤੇ ਲੋਕਾਂ ਨੂੰ ਅਪਰਾਧ ਨੂੰ ਰੋਕਣ ਲਈ ਜ਼ਿੰਮੇਵਾਰੀ ਲੈਣ ਦੀ ਅਪੀਲ ਕਰ ਰਹੇ ਹਨ। ਇਸ ਘਟਨਾ ਕਾਰਨ ਹਰਮਿੰਦਰ ਸਿੰਘ ਨੂੰ ਆਪਣੇ ਸਟਾਫ ਨੂੰ ਤਨਖਾਹ ਦੇਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਵੱਧ ਰਹੇ ਅਪਰਾਧ ਦੇ ਵਿਚਕਾਰ Suva ਵਿੱਚ ਕਾਰੋਬਾਰ ਕਰਨ ਦੀਆਂ ਚੁਣੌਤੀਆਂ ਨੂੰ ਉਜਾਗਰ ਕੀਤਾ ਹੈ। ਹਰਮਿੰਦਰ ਸਿੰਘ 2006 ’ਚ ਫ਼ਿਜੀ ਗਏ ਅਤੇ 2007 ’ਚ ਇਹ ਰੈਸਟੋਰੈਂਟ ਖੋਲ੍ਹਿਆ। ਇਸ ਤੋਂ ਪਹਿਲਾਂ ਉਸ ਦੇ ਭਰਾ ਦਾ ਸਿਡਨੀ ’ਚ ਇਸੇ ਨਾਂ ਦਾ ਰੈਸਟੋਰੈਂਟ ਸੀ।