ਮੈਲਬਰਨ : Sydney ਦੇ Carlton ਰੇਲਵੇ ਸਟੇਸ਼ਨ ‘ਤੇ ਵਾਪਰੇ ਇਕ ਦਰਦਨਾਕ ਹਾਦਸੇ ’ਚ ਭਾਰਤੀ ਮੂਲ ਦੇ ਪਿਉ-ਧੀ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ 2 ਸਾਲ ਦੀਆਂ ਜੁੜਵਾਂ ਬੱਚੀਆਂ ਨੂੰ ਲੈ ਕੇ ਜਾ ਰਿਹਾ ਇਕ ਪ੍ਰਾਮ ਪਟੜੀਆਂ ’ਤੇ ਡਿੱਗ ਗਿਆ ਅਤੇ ਰੇਲ ਗੱਡੀ ਨਾਲ ਟਕਰਾ ਗਿਆ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ 40 ਸਾਲ ਦੇ ਪਿਤਾ (Anand Runwal) ਦੀ ਮੌਤ ਹੋ ਗਈ, ਜਦੋਂ ਕਿ ਇਕ ਲੜਕੀ ਦੀ ਮੌਤ ਹੋ ਗਈ ਅਤੇ ਦੂਜੀ ਚਮਤਕਾਰੀ ਢੰਗ ਨਾਲ ਬਚ ਗਈ। ਹਾਦਸਾ ਬੱਚੀਆਂ ਦੀ 39 ਸਾਲ ਦੀ ਮਾਂ ਸਾਹਮਣੇ ਵਾਪਰਿਆ ਅਤੇ ਉਹ ਬਹੁਤ ਸਦਮੇ ’ਚ ਹੈ। ਚਸ਼ਮਦੀਦਾਂ ਅਨੁਸਾਰ ਉਸ ਦੇ ਮੂੰਹ ’ਚੋਂ ਸਿਰਫ਼ ਤਿੰਨ ਸ਼ਬਦ ਨਿਕਲੇ, ‘‘ਮੇਰੀਆਂ ਬੱਚੀਆਂ ਬਚਾਓ।’’ ਪਰਿਵਾਰ ਮੂਲ ਰੂਪ ’ਚ ਭਾਰਤ ਦੇ ਕਰਨਾਟਕ ’ਚ ਰਹਿਣ ਵਾਲਾ ਸੀ ਅਤੇ ਪਿਛਲੇ ਸਾਲ ਹੀ ਆਸਟ੍ਰੇਲੀਆ ਆਇਆ ਸੀ। ਆਪਣੇ ਬੱਚਿਆਂ ਨੂੰ ਬਚਾਉਣ ਲਈ ਪਿਤਾ ਦੀ ਬਹਾਦਰੀ ਭਰੀ ਕੋਸ਼ਿਸ਼ CCTV ਫੁਟੇਜ ਵਿੱਚ ਕੈਦ ਹੋ ਗਈ।
ਪੁਲਿਸ ਅਤੇ ਰੇਲ ਅਧਿਕਾਰੀ ਰੇਲ ਗੱਡੀ ਦੀ ਰਫਤਾਰ ਸਮੇਤ ਘਟਨਾ ਦੀ ਜਾਂਚ ਕਰ ਰਹੇ ਹਨ। NSW ਪੁਲਿਸ ਸੂਪਰਡੈਂਟ Paul Dunstan ਨੇ ਕਿਹਾ ਕਿ ਮਾਪਿਆਂ ਨੇ ਬਹੁਤ ਥੋੜ੍ਹੇ ਸਮੇਂ ਲਈ ਪ੍ਰਾਮ ਤੋਂ ਹੱਥ ਹਟਾਏ ਸਨ ਪਰ ਇਹ ਤੁਰੰਤ ਰੇਲ ਗੱਡੀ ਟਰੈਕ ਵੱਲ ਰੁੜ੍ਹਨਾ ਸ਼ੁਰੂ ਹੋ ਗਿਆ। ਪ੍ਰੀਮੀਅਰ Chris Minns ਨੇ ਹਾਦਸੇ ਨੂੰ ਬਹੁਤ ਮੰਦਭਾਗਾ ਦੁਖਾਂਤ ਦਸਿਆ ਹੈ।