ਆਸਟ੍ਰੇਲੀਆਈ ਹਾਕੀ ਖਿਡਾਰੀ Matt Dawson ਨੇ ਦਿੱਤੀ ਵੱਡੀ ਕੁਰਬਾਨੀ, Olympics ‘ਚ ਖੇਡਣ ਲਈ ਕੀਤਾ ਇਹ ਕੰਮ

ਮੈਲਬਰਨ : Paris Olympics 26 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਹਨ ਅਤੇ ਸਾਰੇ ਦੇਸ਼ਾਂ ਨੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਆਸਟ੍ਰੇਲੀਆ ਦੀ ਪੁਰਸ਼ ਹਾਕੀ ਟੀਮ ਦੇ ਮੈਂਬਰ Matt Dawson ਵੱਲੋਂ ਇਨ੍ਹਾਂ ਖੇਡਾਂ ’ਚ ਹਿੱਸਾ ਲੈਣ ਲਈ ਵੱਡੀ ਕੁਰਬਾਨੀ ਦੇਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

ਦਰਅਸਲ, ਸੱਟ ਲੱਗਣ ਕਾਰਨ ਡੌਸਨ ਦੀ ਇਕ ਉਂਗਲ ਦੀ ਹੱਡੀ ਟੁੱਟ ਗਈ ਸੀ। ਉਸ ਕੋਲ ਸਿਰਫ ਦੋ ਬਦਲ ਸਨ। ਜਾਂ ਤਾਂ ਉਸ ਦੀ ਉਂਗਲ ’ਤੇ ਪਲਾਸਟਰ ਲਗਾ ਕੇ ਲੰਮਾ ਸਮਾਂ ਹੱਡੀ ਜੁੜਨ ਅਤੇ ਠੀਕ ਹੋਣ ਦੀ ਉਡੀਕ ਕੀਤੀ ਜਾਵੇ ਜਾਂ ਇਸ ਨੂੰ ਕੱਟ ਦਿੱਤਾ ਜਾਵੇ। ਡੌਸਨ ਨੇ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ ਅਤੇ ਉਂਗਲ ਨੂੰ ਉੱਪਰਲੇ ਹਿੱਸੇ ਨੂੰ ਕੱਟ ਦਿੱਤਾ।

ਡੌਸਨ ਨੇ ਸਥਾਨਕ ਮੀਡੀਆ ਨੂੰ ਦੱਸਿਆ, ‘‘ਮੈਂ ਪਲਾਸਟਿਕ ਸਰਜਨਾਂ ਨਾਲ ਨਾ ਸਿਰਫ ਪੈਰਿਸ ਓਲੰਪਿਕ ਵਿੱਚ ਖੇਡਣ ਬਾਰੇ, ਬਲਕਿ ਭਵਿੱਖ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ। ਮੇਰੇ ਲਈ ਇਹ ਸਭ ਤੋਂ ਵਧੀਆ ਵਿਕਲਪ ਸੀ ਪਰ ਕਾਫ਼ੀ ਚੁਣੌਤੀਪੂਰਨ ਸੀ।’’ ਆਸਟ੍ਰੇਲੀਆ ਦੇ ਕੋਚ ਕੋਲਿਨ ਬੈਚ ਨੇ ਕਿਹਾ, ‘‘ਮੈਂ ਇਸ ਲਈ ਡਾਸਨ ਦੀ ਬਹੁਤ ਸ਼ਲਾਘਾ ਕਰਦਾ ਹਾਂ। ਜ਼ਾਹਿਰ ਹੈ ਕਿ ਉਹ ਪੈਰਿਸ ਓਲੰਪਿਕ ਵਿੱਚ ਖੇਡਣ ਲਈ ਦ੍ਰਿੜ ਹੈ।’’

ਡੌਸਨ ਪਿਛਲੀ ਵਾਰ ਦੇ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ ਜਿਸ ’ਚ ਆਸਟ੍ਰੇਲੀਆ ਫਾਈਨਲ ਵਿੱਚ ਬੈਲਜੀਅਮ ਤੋਂ ਪੈਨਲਟੀ ਸ਼ੂਟਆਊਟ ਵਿੱਚ ਹਾਰ ਗਿਆ ਸੀ। ਆਸਟ੍ਰੇਲੀਆ 26 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪੈਰਿਸ ਓਲੰਪਿਕ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਅਰਜਨਟੀਨਾ ਨਾਲ ਕਰੇਗਾ।