ਅੰਤਰਰਾਸ਼ਟਰੀ ਮਲਾਲਾ ਦਿਵਸ ‘ਤੇ ਵਿਸ਼ੇਸ਼ (12 ਜੁਲਾਈ 2024)- International Malala Day 2024
ਮਲਾਲਾ ਯੂਸਫ਼ਜ਼ਈ (Malala)ਨੇ ਕੁੜੀਆਂ ਦੇ ਸਿੱਖਿਆ ਅਧਿਕਾਰਾਂ ਲਈ ਇੱਕ ਅਸੰਭਵ ਯਾਤਰਾ ਤੈਅ ਕੀਤੀ ਹੈ, ਨਤੀਜੇ ਵਜੋਂ, ਮੋਜੂਦਾ ਸਮੇਂ ਜਦੋਂ ਕਦੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕੁੜੀਆਂ ਦੇ ਸਿੱਖਿਆ ਅਧਿਕਾਰਾਂ ਦੀ ਗੱਲ ਚੱਲਦੀ ਹੈ ਤਾਂ ਇਕ ਨਾਮ ਜੋ ਆਪ-ਮੁਹਾਰੇ ਹਰ ਇਕ ਦੀ ਜ਼ੁਬਾਨ ਉੱਪਰ ਸਭ ਤੋਂ ਪਹਿਲਾ ਆਉਂਦਾ ਹੈ, ਉਹ ਹੈ, ਨੋਬਲ ਪੁਰਸਕਾਰ ਵਿਜੇਤਾ: ਮਲਾਲਾ ਯੂਸਫਜ਼ਈ। ਮਲਾਲਾ (Malala) ਦੇ ਅਸਧਾਰਨ ਜੀਵਨ ਸਫ਼ਰ ਤੋਂ ਅਣਗਿਣਤ ਕੁੜੀਆਂ ਪ੍ਰੇਰਨਾ ਲੈ ਕੇ ਜੀਵਨ ਵਿੱਚ ਅੱਗੇ ਵੱਧ ਰਹੀਆਂ ਹਨ। ਵਰਤਮਾਨ ਸਮੇਂ ਜਦੋਂ ਅਫਗਾਨਿਸਤਾਨ ਉਪਰ ਤਾਲੀਬਾਨ ਦਾ ਰਾਜ ਹੈ ਅਤੇ ਅਜਿਹੀਆਂ ਖਬਰਾਂ ਨਸ਼ਰ ਹੋ ਰਹੀਆਂ ਹਨ ਕਿਵੇਂ ਕੁੜੀਆਂ ਨੂੰ ਸਿੱਖਿਆ ਦੇ ਹੱਕ ਤੋਂ ਵਾਂਝਾ ਰੱਖਣ ਦੇ ਫੁਰਮਾਨ ਜਾਰੀ ਕੀਤੇ ਦਾ ਰਹੇ ਹਨ। ਇਸ ਹੀ ਸੰਦਰਭ ਵਿੱਚ ਮਲਾਲਾ (Malala) ਦੀ ਕੁੜੀਆਂ ਦੇ ਸਿੱਖਿਆ ਅਧਿਕਾਰਾਂ ਲਈ ਲੜੀ ਜਾ ਰਹੀ ਲੜਾਈ ਸਾਂਝੀ ਕਰਨੀ ਹੋਰ ਵੀ ਜਰੂਰੀ ਹੋ ਜਾਂਦੀ ਹੈ।
Malala’s life
ਮਲਾਲਾ ਯੂਸਫ਼ਜ਼ਈ (Malala) ਦਾ ਜਨਮ 12 ਜੁਲਾਈ 1997 ਨੂੰ ਪਾਕਿਸਤਾਨ ਦੀ ਸਵਾਤ ਘਾਟੀ ਦੇ ਛੋਟੇ ਜਿਹੇ ਕਸਬੇ ਮਿਗੋਰਾ ‘ਚ ਪਿਤਾ ਜਿਉਦੀਨ ਯੂਸਫ਼ਜ਼ਈ ਦੇ ਘਰ ਮਾਤਾ ਤੋਰ ਪੇਕਾਈ ਯੂਸਫਜ਼ੀ ਦੇ ਘਰ ਹੋਇਆ। ਮਲਾਲਾ ਦੇ ਪਿਤਾ ਹਮੇਸ਼ਾ ਬੱਚਿਆ ਨੂੰ ਸਕੂਲੀ ਸਿੱਖਿਆ ਮੁਹੱਈਆ ਕਰਵਾਉਣ ਲਈ ਆਪਣੀ ਅਵਾਜ਼ ਬੁਲੰਦ ਕਰਦੇ ਰਹਿਦੇ ਇਸ ਹੀ ਸਿਲਸਿਲੇ ਵਿੱਚ ਸਤੰਬਰ 2008 ‘ਚ ਉਸ ਦੇ ਪਿਤਾ ਮਲਾਲਾ ਨੂੰ ਪੇਸ਼ਾਵਰ ਵਿੱਚ ਇਕ ਸਥਾਨਕ ਪੈੱਸ ਕਲੱਬ ਵਿੱਚ ਲੈ ਕੇ ਗਏ ਜਿੱਥੇ ਮਲਾਲਾ ਨੂੰ ਵੀ ਪਹਿਲੀ ਵਾਰ ਬੋਲਣ ਦਾ ਮੌਕਾ ਮਿਲਿਆ ਅਤੇ ਉਸ ਦੀ ਇਸ ਵਾਰਤਾ ਨੂੰ ਸਥਾਨਕ ਅਖ਼ਬਾਰਾਂ ਅਤੇ ਟੀ.ਵੀ ਚੈਨਲਾਂ ਨੇ ਕਵਰੇਜ ਕੀਤਾ ਮਲਾਲਾ ਦਾ ਪਹਿਲਾ ਬਲਾਗ 3 ਜਨਵਰੀ 2009 ਨੂੰ ਬੀ.ਬੀ.ਸੀ ਦੀ ਉਰਦੂ ਵੈੱਬਸਾਈਟ ਤੇ ਪੋਸਟ ਕੀਤਾ ਗਿਆ ਜਿਸ ਵਿੱਚ ਉਸ ਨੇ ਸਵਾਤ ਵਿੱਚ ਅੱਤਵਾਦੀਆਂ ਦੇ ਡਰ ਕਾਰਨ ਕੁੱਝ ਹੀ ਕੁੜੀਆਂ ਦੇ ਸਕੂਲ ਜਾਣ ਅਤੇ ਅੰਤ ਵਿਚ ਸਕੂਲ ਦੇ ਬੰਦ ਹੋਣ ਦਾ ਤੌਖਲਾ ਪ੍ਰਗਟ ਕੀਤਾ ਗਿਆ ਸੀ। ਤਾਲਿਬਾਨ ਨੇ 15 ਜਨਵਰੀ 2009 ‘ਚ ਕੁੜੀਆਂ ਦੇ ਸਕੂਲ ਜਾਣ ਵਿਰੁੱਧ ਫ਼ਤਵਾ ਜਾਰੀ ਕਰ ਕੇ ਮੁਕੰਮਲ ਪਾਬਦੀ ਲਗਾ ਦਿੱਤੀ। ਉਨਾਂ ਦੁਆਰਾ 400 ਸਕੂਲਾਂ ਨੂੰ ਬੰਬਾ ਨਾਲ ਉਡਾ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕੁੜੀਆਂ ਦੇ ਸਕੂਲ ਸ਼ਾਮਿਲ ਸਨ।
ਮਲਾਲਾ ਇਸ ਸਾਰੇ ਬਿਰਤਾਂਤ ਦਾ ਪਗਟਾਵਾਂ ਆਪਣੇ ਬਲਾਗ ਤੇ ਕਰਦੀ ਰਹੀ। 2011’ਚ ਉਸ ਨੂੰ ਪਾਕਿਸਤਾਨ ਦੇ ਰਾਸ਼ਟਰੀ ਨੌਜਵਾਨ ਸ਼ਾਂਤੀ ਪੁਰਸਕਾਰ ਨਾਲ ਨਿਵਾਜਿਆ ਗਿਆ ਤੇ ਜਿਸ ਰਫ਼ਤਾਰ ਨਾਲ ਮਲਾਲਾ (Malala) ਦੀ ਅਵਾਜ਼ ਮਨੁੱਖ ਅਧਿਕਾਰਾਂ ਲਈ ਬੁਲੰਦ ਹੋ ਰਹੀ ਸੀ ਉਸ ਹੀ ਤੇਜ਼ੀ ਨਾਲ ਉਸ ਦੀ ਜਾਨ ਨੂੰ ਵੀ ਖ਼ਤਰਾ ਵੱਧ ਰਿਹਾ ਸੀ। 9 ਅਕਤੂਬਰ 2012 ਵਾਲੇ ਦਿਨ ਜਦੋਂ ਮਲਾਲਾ ਆਪਣੇ ਸਹੇਲੀਆਂ ਨਾਲ ਸਕੂਲ ਤੋਂ ਬੱਸ ਰਾਹੀ ਘਰ ਨੂੰ ਵਾਪਸ ਆ ਰਹੀ ਸੀ ਤਾਂ ਇਕ ਬਦੂਕਧਾਰੀ ਨੇ ਬੱਸ ਅੰਦਰ ਦਾਖਲ ਹੋ ਕੇ ਮਲਾਲਾ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਜੋ ਕਿ ਉਸ ਦੇ ਸਿਰ ਤੋਂ ਹੁੰਦੀ ਹੋਈ ਉਸ ਦੇ ਮੋਢੇ ਤਾਂ ਜਾ ਲੱਗੀ। ਗੰਭੀਰ ਜ਼ਖ਼ਮੀ ਹਾਲਤ ਵਿੱਚ ਮਲਾਲਾ ਨੂੰ ਜਹਾਜ਼ ਰਾਹੀ ਪੇਸ਼ਾਵਰ ਦੇ ਫੋਜ਼ੀ ਹਸਪਤਾਲ ਤੋਂ ਬਾਅਦ ਰਾਵਲਪਿਡੀ ਦੇ ਹਸਪਤਾਲ ਲਿਜਾਇਆ ਗਿਆ; ਇੱਥੇ ਵੀ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਅਗਾਂਹ ਬਰਤਾਨੀਆ ਲਿਜਾਇਆ ਗਿਆ ਤੇ ਇਕ ਲਮੇ ਸਮੇਂ ਬਾਅਦ ਮਲਾਲਾ ਯੂਸਫ਼ਜ਼ਈ ਨੂੰ 3 ਜਨਵਰੀ 2013 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਮਲਾਲਾ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ, ਜਿੱਥੇ 2013 ਵਿੱਚ ਵਿਸ਼ਵ ਪ੍ਰਸਿੱਧ ‘ਟਾਈਮਜ਼ ਮੈਗਜ਼ੀਨ’ ਨੇ ਮਲਾਲਾ ਨੂੰ ਦੁਨੀਆ ਦੀਆ ਪਸਿੱਧ 100 ਹਸਤੀਆਂ ਵਿੱਚ ਸ਼ੁਮਾਰ ਕਰ ਕੇ ਆਪਣੇ ਰਸਾਲੇ ਦੇ ਮੁੱਖ ਪੰਨੇ ਉੱਪਰ ਜਗਾ ਦਿੱਤੀ ਅਤੇ ਇਸ ਦੇ ਨਾਲ ਹੀ ਉਸ ਦੇ ਸੰਘਰਸ਼ ਨੂ ਸਨਮਾਨ ਦਿਦੇ ਹੋਏ, 2013 ‘ਚ ਸੰਯੁਕਤ ਰਾਸ਼ਟਰ ਨੇ 12 ਜੁਲਾਈ ਵਾਲੇ ਦਿਨ ਨੂੰ ਅੰਤਰਰਾਸ਼ਟਰੀ ਮਲਾਲਾ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ। ਸੰਯੁਕਤ ਰਾਸ਼ਟਰ ਵਿਖੇ ਬੋਲਦਿਆਂ ਉਸ ਨੇ ਆਪਣੀ ਤਕਰੀਰ ਵਿੱਚ ਇਹ ਸਪਸ਼ਟ ਕਰ ਦਿੱਤਾ ਕਿ ਉਹ ਆਪਣੇ ਦੁਆਰਾ ਆਰੰਭੇ ਕਾਰਜਾਂ ਤੋਂ ਕਦੇ ਡਰ ਕੇ ਪਿੱਛੇ ਨਹੀਂ ਹਟੇਗੀ। 10 ਅਕਤੂਬਰ 2014 ’ਚ ਮਲਾਲਾ ਯੂਸਫ਼ਜ਼ਈ ਨੂੰ ਬੱਚਿਆ ਦੇ ਸਿੱਖਿਆ ਸਬਧੀ ਅਧਿਕਾਰਾਂ ਦੀ ਬੜੀ ਦਲੇਰੀ ਨਾਲ ਲੜਾਈ ਲੜਦੇ ਹੋਏ ਕੀਤੇ ਗਏ ਸੰਘਰਸ਼ ਨੂੰ ਸਲਾਮ ਕਰਦੇ ਹੋਏ ਸੰਸਾਰ ਦੇ ਸਭ ਤੋਂ ਵੱਡੇ ਸਨਮਾਨ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਹ ਸਤਾਰਾਂ ਸਾਲ ਦੀ ਸਭ ਤੋਂ ਘੱਟ ਉਮਰ ਦੀ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਨੋਬਲ ਲੌਰਟੇਟਸ ਬਣੀ। ਮਲਾਲਾ ਅਨੁਸਾਰ ਕੁੜੀਆਂ ਦੇ ਸਕੂਲ ਜਾਣ ਦੇ ਰਸਤੇ ਵਿੱਚ ਸਭ ਤੋਂ ਵੱਡੀਆਂ ਰੁਕਾਵਟਾਂ ਗ਼ਰੀਬੀ, ਬਾਲ ਮਜ਼ਦੂਰੀ, ਬਾਲ ਵਿਆਹ ਅਤੇ ਲਿੰਗ ਵਿਤਕਰਾ ਹਨ, ਉਹ ਸੋਚਦੀ ਹੈ ਕਿ ਜੇਕਰ ਇਨਾਂ ਸਮਾਜਿਕ ਕੁਰੀਤੀਆਂ ਨੂੰ ਅਸੀ ਠੱਲ ਪਾਉਣ ਵਿੱਚ ਕਾਮਯਾਬ ਹੋ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰ ਕੁੜੀ ਆਪਣੇ ਸੁਨਹਿਰੀ ਸੁਪਨਿਆਂ ਨੂੰ ਹਕੀਕਤ ਵਿੱਚ ਸਕਾਰ ਹੁੰਦਾ ਵੇਖੇਗੀ। ਇਸ ਹੀ ਸੰਦਰਭ ਵਿੱਚ ਮਲਾਲਾ ਆਪਣੀ ਸੰਸਥਾ ‘ਮਲਾਲਾ ਫ਼ੰਡ’ ਦੁਆਰਾ ਕੁੜੀਆਂ ਨੂੰ ਸਕੂਲੀ ਸਿੱਖਿਆ ਮੁਹੱਈਆ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਦੀ ਹੈ।
ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਅਗਸਤ 2021 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਕੁੜੀਆਂ ਦੇ ਹਾਈ ਸਕੂਲ ਬੰਦ ਕਰ ਦਿੱਤੇ ਹਨ, ਕੁੜੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਤੋਂ ਰੋਕਿਆ ਜਾ ਰਿਹਾ, ਪਾਰਕਾਂ ਅਤੇ ਜਿਮ ਤੱਕ ਪਹੁੰਚ ‘ਤੇ ਪਾਬੰਦੀ ਲਗਾ ਦਿੱਤੀ ਹੈ। ਔਰਤਾਂ ਅਤੇ ਕੁੜੀਆਂ ਨੂੰ ਸਫ਼ਰ ਕਰਨ ਲਈ ਕਿਸੇ ਮਰਦ ਸਰਪ੍ਰਸਤ ਦੇ ਨਾਲ ਜਾਣਾ ਪੈਂਦਾ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਲੜਕੀਆਂ ਦੀ ਸੈਕੰਡਰੀ ਸਿੱਖਿਆ ‘ਤੇ ਪਾਬੰਦੀ ਦੇ 1,000 ਤੋਂ ਵੱਧ ਦਿਨ ਬੀਤ ਚੁੱਕੇ ਹਨ। ਮਲਾਲਾ ਫੰਡ ਦੁਆਰਾ ਕੁੜੀਆਂ ਦੀ ਸਿੱਖਿਆ ਨੂੰ ਜਾਰੀ ਰੱਖਣ ਅਤੇ ਉਨ੍ਹਾਂ ਦੇ ਅਪਰਾਧਾਂ ਲਈ ਤਾਲਿਬਾਨ ਨੂੰ ਜਵਾਬਦੇਹ ਬਣਾਉਣ ਲਈ ਕੰਮ ਕਰ ਰਹੀਆਂ 13 ਸੰਸਥਾਵਾਂ ਨੂੰ $1.5 ਮਿਲੀਅਨ ਤੋਂ ਵੱਧ ਦੀ ਨਵੀਂ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਜਦੋਂ ਹਾਲ ਹੀ ਵਿੱਚ ਸੰਪੰਨ ਹੋਏ ਟੀ-20 ਕ੍ਰਿਕਟ ਸੰਸਾਰ ਕੱਪ ਵਿੱਚ ਆਫਗਾਨਿਸਤਾਨ ਦੀ ਮਰਦਾਂ ਦੀ ਟੀਮ ਦੇ ਚੰਗੇ ਪ੍ਰਦਰਸ਼ਨ ਦੀ ਦੁਨੀਆਂ ਦੇ ਹਰ ਕੋਨੇ ਵਿੱਚ ਤਾਰੀਫ਼ ਹੋ ਰਹੀ ਹੈ, ਜੋ ਕਿ ਹੋਣੀ ਵੀ ਚਾਹੀਦੀ ਹੈ ਪਰੰਤੂ ਇੱਕ ਪਾਸੇ ਜਿਸ ਵੱਲ ਸਾਰਿਆਂ ਦਾ ਧਿਆਨ ਦੇਣਾ ਬਣਦਾ ਹੈ ਕਿ ਅਫਗਾਨਿਸਤਾਨ ਵਿੱਚ ਕੁੜੀਆਂ ਦੇ ਪੜਨ-ਲਿੱਖਣ ਦੇ ਨਾਲ-ਨਾਲ ਖੇਡਣ ਤੇ ਵੀ ਤਾਲੀਬਾਨ ਵਲੋਂ ਲਗਾਈਆਂ ਪਾਬੰਦੀਆਂ; ਇਸ ਹੀ ਸੰਦਰਭ ਵਿੱਚ ਔਰਤਾਂ ਦੇ ਇੱਕ ਸਮੂਹ, ਜੋ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਫਗਾਨਿਸਤਾਨ ਦੀ ਰਾਸ਼ਟਰੀ ਟੀਮ ਦੀ ਨੁਮਾਇੰਦਗੀ ਕਰਦੀਆਂ ਸਨ, ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੂੰ ਪੱਤਰ ਲਿਖ ਕੇ ਆਸਟਰੇਲੀਆ ਵਿੱਚ ਇੱਕ ਸ਼ਰਨਾਰਥੀ ਟੀਮ ਸਥਾਪਤ ਕਰਨ ਲਈ ਉਨ੍ਹਾਂ ਤੋਂ ਮਦਦ ਮੰਗੀ ਹੈ।
ਇਸ ਸਾਰੇ ਘਟਨਾਕ੍ਰਮ ਉਪਰ ਮਲਾਲਾ (Malala) ਨੇ ਨਿਰਾਸ਼ਾ ਪ੍ਰਗਟ ਕਰਦਿਆਂ ਸੰਯੁਕਤ ਰਾਸ਼ਟਰ ਦੁਆਰਾ ਆਫਗਾਨਿਸਤਾਨ ਨਾਲ ਕੌਮਾਂਤਰੀ ਮਾਮਲਿਆਂ ਬਾਰੇ 30 ਜੂਨ-1 ਜੁਲਾਈ ਨੂੰ ਬੁਲਾਈ ਦੋਹਾ ਮੀਟਿੰਗ ਵਿੱਚ ਅਫ਼ਗਾਨ ਔਰਤਾਂ ਅਤੇ ਕੁੜੀਆਂ ਦੇ ਅਧਿਕਾਰਾ ਦੀ ਅਵਾਜ਼ ਉਠਾਉਣ ਦੀ ਵਕਾਲਤ ਕੀਤੀ ਸੀ ਪਰੰਤੂ ਮਲਾਲਾ (Malala) ਅਤੇ ਮਲਾਲਾ ਫੰਡ, ਅੰਤਰਰਾਸ਼ਟਰੀ ਸੰਸਥਾਵਾਂ ਅਤੇ ਸੰਯੁਕਤ ਰਾਸ਼ਟਰ ਦੇ ਨੇਤਾਵਾਂ ਦੇ ਵਕੀਲਾਂ ਦੁਆਰਾ ਅਫਗਾਨ ਔਰਤਾਂ ਅਤੇ ਸਿਵਲ ਸੁਸਾਇਟੀ ਨੂੰ ਗੱਲਬਾਤ ਵਿੱਚ ਸ਼ਾਮਲ ਕਰਨ ਲਈ ਜ਼ੋਰਦਾਰ ਮੰਗਾਂ ਦੇ ਬਾਵਜੂਦ, ਮੀਟਿੰਗ ਉਨ੍ਹਾਂ ਦੇ ਬਿਨਾਂ ਹੀ ਅੱਗੇ ਵਧ ਗਈ। ਮਲਾਲਾ ਫੰਡ ਦੇ ਅਫਗਾਨਿਸਤਾਨ ਨਿਰਦੇਸ਼ਕ ਸਹਿਰ ਹਲੀਮਜ਼ਈ ਨੇ ਇਸ ਉਪਰ ਆਪਣੀ ਟਿੱਪਣੀ ਕਰਦਿਆਂ ਲਿਖਿਆ ਕਿ ਤਾਲਿਬਾਨ ਦਾ ਰੈੱਡ ਕਾਰਪੇਟ ਵਿਛਾ ਕੇ ਨਿੱਘਾ ਸਵਾਗਤ ਕਰਦਿਆਂ ਦੇਖ ਕੇ ਬਹੁਤ ਦੁੱਖ ਹੋਇਆ ਜਦੋਂ ਕਿ ਕੁੜੀਆਂ ਨੂੰ ਗ੍ਰੇਡ 6 ਤੋਂ ਉੱਪਰ ਦੀ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।
ਦੁਨੀਆ ਵਿੱਚ ਜਿੱਥੇ ਵੀ ਬੱਚਿਆਂ ਦੀ ਪੜਾਈ ਲਿਖਾਈ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ ਉੱਥੇ ਮਲਾਲਾ ਆਪਣੀ ਅਵਾਜ਼ ਬੁਲੰਦ ਕਰਨ ਤੋਂ ਪਿਛਾਂਹ ਨਹੀਂ ਹੱਟਦੀ ਤੇ ਉਹ ਦੁਨੀਆਂ ਦੇ ਦਿੱਗਜ ਨੇਤਾਵਾਂ ਨੂੰ ਵੀਇਸ ਬਾਬਤ ਝਾੜ ਪਾਉਂਦੀ ਰਹਿੰਦੀ ਹੈ। ਇਸ ਹੀ ਪ੍ਰਕਾਰ ਇਜ਼ਰਾਈਲ ਦੁਆਰਾ ਗਾਜ਼ਾ ਉਪਰ ਕੀਤੇ ਜਾ ਰਹੇ ਹਮਲਿਆਂ ਵਿੱਚ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਤੇ ਉਸ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੈਨੂੰ ਡਰ ਹੈ ਕਿ ਇਜ਼ਰਾਈਲ ਨੇ ਗਾਜ਼ਾ ਵਿੱਚ ਇੱਕ ਹੋਰ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਹੈ, ਜਿੱਥੇ ਹਜ਼ਾਰਾਂ ਨਾਗਰਿਕ ਪਨਾਹ ਲੈ ਰਹੇ ਸਨ। ਸਕੂਲਾਂ ਨੂੰ ਕਦੇ ਵੀ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਮੈਂ ਤੁਰੰਤ ਜੰਗਬੰਦੀ ਲਈ ਆਪਣੇ ਸੱਦੇ ਨੂੰ ਦੁਹਰਾਉਂਦੀ ਹਾਂ-ਅਸੀਂ ਹੋਰ ਬੇਕਸੂਰਾਂ ਦੀ ਜਾਨ ਨਹੀਂ ਗੁਆ ਸਕਦੇ। ਕੁੜੀਆਂ ਦੇ ਸਿੱਖਿਆ ਅਧਿਕਾਰਾਂ ਅਤੇ ਅਮਨ ਸ਼ਾਂਤੀ ਲਈ ਆਪਣੇ ਨਿਰਵਿਘਨ ਕਾਰਜਾਂ ਵਿੱਚ ਰੁੱਝੀ ਰਹਿਦੀ, ਮਲਾਲਾ (Malala) ਅਕਸਰ ਕਹਿੰਦੀ ਹੈ ਕਿ ਉਸ ਨੂੰ ਵਿਸ਼ਵਾਸ ਹੈ ਕਿ ਅਸੀਂ ਸਾਰੇ ਇਕ ਦਿਨ ਹਰ ਕੁੜੀ ਨੂੰ ਸਕੂਲ ਜਾਂਦਾ ਜ਼ਰੂਰ ਵੇਖਾਂਗੇ। ਅਨੇਕਾਂ ਮਾਣ-ਸਨਮਾਨ ਪਾਪਤ ਕਰਨ ਵਾਲੀ ਮਾਲਾਲਾ ਅੱਜ ਦੇ ਸਮੇਂ ਉਨਾਂ ਕਰੋੜਾ ਕੁੜੀਆਂ ਲਈ ਇਕ ਚਾਨਣ ਮੁਨਾਰਾ ਬਣ ਕੇ ਸਾਹਮਣੇ ਆਈ ਹੈ ਜੋ ਉਹ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਸਮਾਜ ਦੀਆ ਤੰਗ ਸੋਚਾਂ ਵਿਰੁੱਧ ਸੰਘਰਸ਼ ਕਰ ਰਹੀਆਂ ਹਨ।
ਜਗਜੀਤ ਸਿਘ ਗਣੇਸ਼ਪੁਰ,
ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ,
ਤਹਿਸੀਲ ਗੜਸ਼ੰਕਰ,
ਜ਼ਿਲਾ ਹੁਸ਼ਿਆਰਪੁਰ ।