ਫ਼ਿਲਮਾਂ ਅਤੇ ਟੀ.ਵੀ. ਸ਼ੋਅ ’ਚ ਅਨੰਦ ਕਾਰਜ ਦੀ ਸ਼ੂਟਿੰਗ ’ਤੇ ਪਾਬੰਦੀ ਲਾਉਣ ਦੀ ਤਿਆਰੀ

ਮੈਲਬਰਨ : ਸ੍ਰੀ ਅਕਾਲ ਤਖ਼ਤ ਸਾਹਿਬ ਨੇ ਫਿਲਮਾਂ ਅਤੇ ਟੀ.ਵੀ. ਸ਼ੋਅ ਲਈ ਸਿੱਖ ਵਿਆਹ ਦੇ ਦ੍ਰਿਸ਼ਾਂ, ਯਾਨੀਕਿ ਅਨੰਦ ਕਾਰਜ, ਦੀ ਸ਼ੂਟਿੰਗ ‘ਤੇ ਰਸਮੀ ਪਾਬੰਦੀ ਲਗਾਉਣ ਦੀ ਤਿਆਰੀ ਕਰ ਲਈ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਇਸ ਬਾਰੇ ਫੈਸਲਾ 15 ਜੁਲਾਈ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਲਿਆ ਜਾਵੇਗਾ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਫਿਲਮ ਨਿਰਮਾਤਾਵਾਂ ਨੂੰ ਆਨੰਦ ਕਾਰਜ ਸਮਾਰੋਹ ਦੇ ਦ੍ਰਿਸ਼ਾਂ ਦੀ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਨਿਹੰਗਾਂ ਦੇ ਇੱਕ ਸਮੂਹ ਨੇ 9 ਜੂਨ ਨੂੰ ਮੋਹਾਲੀ ਨੇੜੇ ਘੜੂੰਆਂ ਵਿਖੇ ਇੱਕ ਫਿਲਮ ਲਈ ਸਿੱਖ ਵਿਆਹ ਦੇ ਦ੍ਰਿਸ਼ ਦੀ ਸ਼ੂਟਿੰਗ ਜ਼ਬਰਦਸਤੀ ਰੋਕ ਦਿੱਤੀ ਸੀ। ਨਿਰਮਾਤਾਵਾਂ ਨੇ ਸੀਨ ਦੀ ਸ਼ੂਟਿੰਗ ਲਈ ਇੱਕ ਨਕਲੀ ਗੁਰਦੁਆਰਾ ਸਥਾਪਤ ਕੀਤਾ ਸੀ ਜਿਸ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਨਾਵਟੀ ਸਰੂਪ ਰੱਖੇ ਗਏ ਸਨ।

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਜਿਹੇ ਜਾਅਲੀ ਵਿਆਹਾਂ ਦੀ ਵੀਡੀਓ ਬਣਾਉਣਾ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਘੜੂੰਆਂ ਪਿੰਡ ਦੀ ਘਟਨਾ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।