Victoria Budget 2026: ਜਨਤਾ ਲਈ ਵੱਡੀਆਂ ਰਾਹਤਾਂ ਪਰ ਕਰਜ਼ੇ ਦਾ ਬੋਝ ਬਰਕਰਾਰ

Sea7 Australia Team
4 Min Read

ਮੈਲਬਰਨ : Victoria ਦੀ Jacinta Allan ਸਰਕਾਰ ਨੇ ਸਾਲ 2026-27 ਲਈ ਆਪਣਾ ਬਜਟ (Victoria Budget 2026) ਪੇਸ਼ ਕਰ ਦਿੱਤਾ ਹੈ। ਇਸ ਬਜਟ ਵਿੱਚ ਮਹਿੰਗਾਈ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਦੇਣ ਲਈ ਕਈ ਵੱਡੇ ਐਲਾਨ ਕੀਤੇ ਗਏ ਹਨ, ਖਾਸ ਕਰਕੇ ਟਰਾਂਸਪੋਰਟ ਅਤੇ ਪਰਿਵਾਰਾਂ ਲਈ। ਹਾਲਾਂਕਿ, ਸੂਬੇ ਸਿਰ ਚੜ੍ਹ ਰਿਹਾ ਭਾਰੀ ਕਰਜ਼ਾ ਅਜੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਖ਼ਾਸ ਗੱਲ ਇਹ ਰਹੀ ਕਿ ਬਜਟ ’ਚ ਵਿਕਟੋਰੀਆ ਸਰਕਾਰ ਨੇ ਸੱਤ ਸਾਲਾਂ ਬਾਅਦ ਪਹਿਲੀ ਵਾਰ ਸਰਪਲਸ ਦਾ ਐਲਾਨ ਕੀਤਾ ਹੈ। ਟਰੈਜ਼ਰਰ Jaclyn Symes ਨੇ ਇਸ ਨੂੰ ‘ਅਨੁਸ਼ਾਸਿਤ’ ਬਜਟ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਆਸਟ੍ਰੇਲੀਆ ਦੇ ਈਸਟਰਨ ਸਟੇਟਾਂ ’ਚੋਂ ਇਕੱਲਾ ਸਰਪਲਸ ਬਜਟ ਹੈ। ਸਰਕਾਰ ਨੇ ਲਗਭਗ 1 ਬਿਲੀਅਨ ਡਾਲਰ ਦੇ ਮੁਫ਼ਤ ਪਬਲਿਕ ਟਰਾਂਸਪੋਰਟ ਅਤੇ ਕਾਰ ਰਜਿਸਟ੍ਰੇਸ਼ਨ ਰੀਬੇਟਾਂ ਲਈ ਰੱਖਿਆ ਹੈ, ਤਾਂ ਜੋ ਲੋਕਾਂ ਨੂੰ ਮਹਿੰਗਾਈ ਦੇ ਦਬਾਅ ਤੋਂ ਰਾਹਤ ਮਿਲੇ। ਹਾਲਾਂਕਿ, ਸਟੇਟ ਦਾ ਕਰਜ਼ਾ 2029-30 ਤੱਕ 199.3 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਬਜਟ ਵਿੱਚ ਸਿਹਤ, ਸਿੱਖਿਆ, ਅਪਰਾਧ ਰੋਕਥਾਮ ਅਤੇ ਸੜਕਾਂ ਦੀ ਮੁਰੰਮਤ ’ਤੇ ਵੱਡੇ ਖਰਚੇ ਕੀਤੇ ਗਏ ਹਨ। ਵਿਰੋਧੀ ਪੱਖ ਨੇ ਕਰਜ਼ੇ ਅਤੇ ਸੜਕਾਂ ਦੀ ਹਾਲਤ ’ਤੇ ਸਰਕਾਰ ਨੂੰ ਘੇਰਿਆ ਹੈ। ਪ੍ਰੋਫੈਸਰ David Hayward ਨੇ ਕਿਹਾ ਕਿ ਵਾਧੂ ਆਮਦਨ ਮਿਲਣ ‘ਤੇ ਸਰਕਾਰ ਨੇ ਖਰਚੇ ਵਧਾ ਦਿੱਤੇ ਹਨ। ਇਹ ਬਜਟ ਚੋਣਾਂ ਤੋਂ ਪਹਿਲਾਂ ਲੋਕਾਂ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।

ਬਜਟ ਮਗਰੋਂ ਫ਼ਾਇਦੇ ’ਚ ਰਹਿਣ ਵਾਲੇ (Winners)

  • Motorists : ਸਰਕਾਰ ਨੇ ਗੱਡੀਆਂ ਦੀ ਰਜਿਸਟ੍ਰੇਸ਼ਨ ’ਤੇ 20% ਰਿਬੇਟ (ਛੋਟ) ਦੇਣ ਦਾ ਐਲਾਨ ਕੀਤਾ ਹੈ, ਜਿਸ ਨਾਲ ਡਰਾਈਵਰਾਂ ਨੂੰ ਲਗਭਗ 186 ਡਾਲਰ ਦੀ ਬਚਤ ਹੋਵੇਗੀ। ਇਸ ਤੋਂ ਇਲਾਵਾ, ਸੜਕਾਂ ਦੀ ਮੁਰੰਮਤ ਲਈ 1.04 ਬਿਲੀਅਨ ਡਾਲਰ ਦਾ ਫੰਡ ਰੱਖਿਆ ਗਿਆ ਹੈ।
  • Public Transport Users: ਮਈ ਦੇ ਅੰਤ ਤੱਕ ਪਬਲਿਕ ਟਰਾਂਸਪੋਰਟ ਪੂਰੀ ਤਰ੍ਹਾਂ ਮੁਫਤ ਰਹੇਗੀ, ਅਤੇ ਉਸ ਤੋਂ ਬਾਅਦ ਸਾਲ ਦੇ ਅੰਤ ਤੱਕ ਕਿਰਾਇਆ ਅੱਧਾ ਕਰ ਦਿੱਤਾ ਗਿਆ ਹੈ।
  • ਮੈਲਬਰਨ ਦੇ ਵੈਸਟਰਨ ਸਬਅਰਬ: ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤੇ ਜਾ ਰਹੇ ਵੈਸਟਰਨ ਇਲਾਕਿਆਂ ਲਈ ਖਾਸ ਫੰਡ ਜਾਰੀ ਕੀਤੇ ਗਏ ਹਨ। ਇਸ ਵਿੱਚ Melton ਅਤੇ Wyndham Vale ਟ੍ਰੇਨ ਲਾਈਨਾਂ ਦਾ ਸੁਧਾਰ ਅਤੇ Werribee Mercy Hospital ਲਈ 95 ਮਿਲੀਅਨ ਡਾਲਰ ਦੀ ਰਾਸ਼ੀ ਸ਼ਾਮਲ ਹੈ।
  • ਪਰਿਵਾਰ: ਬੱਚਿਆਂ ਲਈ ਮੁਫਤ ਐਨਕਾਂ ਅਤੇ ਟੈਸਟਿੰਗ, Zoo ’ਚ ਮੁਫਤ ਐਂਟਰੀ, ਅਤੇ ਖੇਡਾਂ ਦੇ ਸਮਾਨ ਲਈ ‘Get Active Kids’ ਵਾਊਚਰਾਂ ਵਿੱਚ ਵਾਧਾ ਕੀਤਾ ਗਿਆ ਹੈ।
  • Tech Companies: AI (Artificial Intelligence) ਅਤੇ ਡਾਟਾ ਸੈਂਟਰਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ।

ਬਜਟ ਕਾਰਨ ਘਾਟੇ ’ਚ (Losers)

  • ਆਉਣ ਵਾਲੀਆਂ ਪੀੜ੍ਹੀਆਂ : ਭਾਵੇਂ ਸਰਕਾਰ ਨੇ ਇਸ ਸਾਲ ਮੁਨਾਫਾ (surplus) ਦਿਖਾਇਆ ਹੈ, ਪਰ ਸਟੇਟ ਦਾ ਕੁੱਲ ਕਰਜ਼ਾ 2029-30 ਤੱਕ 199.3 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਇਸ ਦਾ ਮਤਲਬ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੋਜ਼ਾਨਾ 32 ਮਿਲੀਅਨ ਡਾਲਰ ਸਿਰਫ ਵਿਆਜ ਵਜੋਂ ਤਾਰਨੇ ਪੈਣਗੇ।
  • Melbourne Airport Rail: ਹਵਾਈ ਅੱਡੇ ਤੱਕ ਟ੍ਰੇਨ ਜਾਣ ਦਾ ਸੁਪਨਾ ਦੇਖ ਰਹੇ ਲੋਕਾਂ ਨੂੰ ਨਿਰਾਸ਼ਾ ਹੱਥ ਲੱਗੀ ਹੈ। ਰਿਪੋਰਟਾਂ ਮੁਤਾਬਕ Sunshine Station Superhub ਦਾ ਕੰਮ 2030 ਤੱਕ ਮੁਕੰਮਲ ਨਹੀਂ ਹੋਵੇਗਾ।
  • ਜੂਆ ਕੰਪਨੀਆਂ : ਜੂਏ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਲਗਾਈਆਂ ਪਾਬੰਦੀਆਂ ਕਾਰਨ ਗੇਮਿੰਗ ਕੰਪਨੀਆਂ ਦੀ ਕਮਾਈ ਵਿੱਚ ਕਮੀ ਆਉਣ ਦੀ ਉਮੀਦ ਹੈ।
  • ਨਾਬਾਲਗ ਅਪਰਾਧੀ : ਨੌਜਵਾਨ ਅਪਰਾਧੀਆਂ ’ਤੇ ਨਕੇਲ ਕੱਸਣ ਲਈ ਸਰਕਾਰ ਨੇ ਸਖ਼ਤ ਜ਼ਮਾਨਤ ਨਿਯਮਾਂ ਅਤੇ ਕੋਰਟਾਂ ਲਈ 397 ਮਿਲੀਅਨ ਡਾਲਰ ਦਾ ਵੱਡਾ ਬਜਟ ਰੱਖਿਆ ਹੈ।
  • ਇਹ ਬਜਟ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ Cost-of-living (ਰਹਿਣ-ਸਹਿਣ ਦੀ ਲਾਗਤ) ਨੂੰ ਘਟਾਉਣ ’ਤੇ ਕੇਂਦਰਿਤ ਹੈ, ਪਰ ਵਿਰੋਧੀ ਧਿਰਾਂ ਵਧਦੇ ਕਰਜ਼ੇ ਨੂੰ ਲੈ ਕੇ ਸਵਾਲ ਚੁੱਕ ਰਹੀਆਂ ਹਨ।
Share This Article
Leave a Comment

Leave a Reply

Your email address will not be published. Required fields are marked *