ਆਸਟ੍ਰੇਲੀਆ ਦੀ ਸਭ ਤੋਂ ਅਮੀਰ ਔਰਤ Gina Rinehart ਨਾਲ ਵੀ ਸਾਹਮਣੇ ਆਈਆਂ ਤਸਵੀਰਾਂ
ਲੰਡਨ: One Nation ਪਾਰਟੀ ਦੀ ਆਗੂ Pauline Hanson ਦੇ ਹਾਲ ਹੀ ’ਚ ਹੋਏ ਇਟਲੀ ਦੌਰੇ ਦੇ ਖਰਚੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਖ਼ਬਰਾਂ ਮੁਤਾਬਕ, Pauline Hanson ਨੇ ਇਹ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਉਨ੍ਹਾਂ ਦੇ Sicily ਦੌਰੇ ਦਾ ਭੁਗਤਾਨ ਕਿਸ ਨੇ ਕੀਤਾ ਸੀ। ਇਸ ਯਾਤਰਾ ਦੌਰਾਨ ਉਹ ਇੱਕ ਪੰਜ-ਸਿਤਾਰਾ ਰਿਜ਼ੋਰਟ ਵਿੱਚ ਰੁਕੀ ਸੀ ਅਤੇ ਉਨ੍ਹਾਂ ਨੇ ਇੱਕ Dolce & Gabbana ਫੈਸ਼ਨ ਸ਼ੋਅ ਵਿੱਚ ਵੀ ਸ਼ਿਰਕਤ ਕੀਤੀ ਸੀ, ਜਿੱਥੇ ਉਹ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਮਹਿਲਾ Gina Rinehart ਨਾਲ ਦੇਖੀ ਗਈ ਸੀ। ਜਦੋਂ ਮੀਡੀਆ ਵੱਲੋਂ ਪੁੱਛਿਆ ਗਿਆ ਕਿ ਕੀ ਇਸ ਦੌਰੇ ਦਾ ਖ਼ਰਚਾ Gina Rinehart ਨੇ ਕੀਤਾ ਹੈ ਤਾਂ ਉਨ੍ਹਾਂ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਵਿਰੋਧੀ ਧਿਰ ਦੇ ਨੇਤਾ Angus Taylor ਸਣੇ ਕਈ ਸਿਆਸਤਦਾਨਾਂ ਨੇ ਉਨ੍ਹਾਂ ਦੀ ਇਸ ਮਹਿੰਗੀ ਯਾਤਰਾ ’ਤੇ ਸਵਾਲ ਚੁੱਕੇ ਹਨ। Angus Taylor ਨੇ ਉਨ੍ਹਾਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਜਦੋਂ ਦੇਸ਼ ਦੇ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਉਹ ਇਟਲੀ ’ਚ ਐਸ਼ ਕਰ ਰਹੇ ਹਨ। ਦੂਜੇ ਪਾਸੇ, Pauline Hanson ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਹੈ ਕਿ ਇਸ ਯਾਤਰਾ ਨਾਲ ਟੈਕਸਦਾਤਾਵਾਂ ਦਾ ਇੱਕ ਵੀ ਡਾਲਰ ਖਰਚ ਨਹੀਂ ਹੋਇਆ ਅਤੇ ਉਨ੍ਹਾਂ ਨੂੰ ਇਸ ਇਵੈਂਟ ਲਈ ਸੱਦਾ ਦਿੱਤਾ ਗਿਆ ਸੀ।
ਸ਼ਨੀਵਾਰ ਨੂੰ Pauline Hanson ਲੰਡਨ ਵਿੱਚ ਇੱਕ ਸਿਆਸੀ ਕਾਨਫਰੰਸ (CPAC) ਵਿੱਚ ਹਿੱਸਾ ਲੈਣ ਪਹੁੰਚੀ ਹੋਈ ਹੈ, ਜਿਸ ਦੀ ਪ੍ਰਧਾਨਗੀ ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ Liz Truss ਕਰ ਰਹੀ ਹੈ। ਇਸ ਕਾਨਫਰੰਸ ਦੇ ਗਾਲਾ ਡਿਨਰ ਦੀਆਂ ਟਿਕਟਾਂ ਦੀ ਕੀਮਤ 1000 ਡਾਲਰ ਤੋਂ 19,000 ਡਾਲਰ ਤੱਕ ਹੈ। ਇਸ ਦੇ ਨਾਲ ਹੀ, ਬ੍ਰਿਟੇਨ ਦੇ ਸੱਜੇ-ਪੱਖੀ ਆਗੂ Nigel Farage ਨੇ ਵੀ Pauline Hanson ਦੀ ਸਿਆਸੀ ਕਾਮਯਾਬੀ ਦੀ ਤਾਰੀਫ਼ ਕੀਤੀ ਹੈ। ਹਾਲਾਂਕਿ, ਇੱਕ ਵਿਵਾਦਤ ਸੱਜੇ-ਪੱਖੀ ਕਾਰਕੁਨ Tommy Robinson ਦੇ ਪੋਡਕਾਸਟ ਵਿੱਚ ਸ਼ਾਮਲ ਹੋਣ ਕਾਰਨ ਉਨ੍ਹਾਂ ਦੀ ਆਪਣੀ ਪਾਰਟੀ ਅੰਦਰ ਵੀ ਆਲੋਚਨਾ ਹੋ ਰਹੀ ਹੈ।
